ਸ. ਦਿਲਜੀਤ ਸਿੰਘ ਬੇਦੀ ਦੀ ਸੰਪਾਦਨਾ ਹੇਠ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਾਨਾਮੱਤੇ ਇਤਿਹਾਸ ਨੂੰ ਉਜਾਗਰ ਕਰਦਾ ਸੋਵੀਨਰ ਲੋਕ ਅਰਪਣ

ਅੰਮ੍ਰਿਤਸਰ : 18 ਜੂਨ (       ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਵਿਖੇ ਸ੍ਰੀ ਅਨੰਦਪੁਰ ਸਾਹਿਬ ਦੇ ਸ਼ਾਨਾਮੱਤੇ ਇਤਿਹਾਸ ਨੂੰ ਉਜਾਗਰ ਕਰਦਾ ਸੋਵੀਨਰ ਲੋਕ ਅਰਪਣ ਕੀਤਾ।  ਸਮਾਗਮ ਵਿੱਚ ਜੁੜੀਆਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕਰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖੀ ਦੇ ਪ੍ਰਚਾਰ ਅਤੇ ਮਾਨਵਤਾ ਦੇ ਉਧਾਰ ਲਈ ਗੁਰੂ ਸਾਹਿਬਾਨ ਨੇ ਜਿੱਥੇ-ਜਿੱਥੇ ਵੀ ਚਰਨ ਪਾਏ ਅਤੇ ਨਵੇਂ ਨਗਰ ਵਸਾਏ, ਉਹ ਥਾਵਾਂ ਪੂਜਣਯੋਗ ਹੋ ਗਈਆਂ। ਇਨ੍ਹਾਂ ਥਾਵਾਂ ਵਿੱਚੋਂ ਹੀ ਸਿੱਖ ਇਤਿਹਾਸ, ਸਾਹਿਤ ਤੇ ਰਹਿਤ ਦੀ ਲੰਮੀ ਦਾਸਤਾਨ ਨੂੰ ਆਪਣੇ ਅੰਦਰ ਸਮੋਈ ਬੈਠੀ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ। ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਸ਼ਾਨਾਮੱਤੇ ਇਤਿਹਾਸ ਨੂੰ ਵਿਸ਼ਵ ਭਰ ਵਿਚ ਪ੍ਰਚਾਰਨ ਲਈ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਖਤ ਮਿਹਨਤ ਨਾਲ ਇਸ ਸੋਵੀਨਾਰ ਦੀ ਸੰਪਾਦਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਇਤਿਹਾਸਕ ਦਿਹਾੜਿਆਂ ਨਾਲ ਸਬੰਧਤ ਸ਼ਤਾਬਦੀਆਂ ਵੱਡੇ ਪੱਧਰ ‘ਤੇ ਮਨਾਉਂਦੀ ਆ ਰਹੀ ਹੈ। ਇਸੇ ਪਿਰਤ ਨੂੰ ਜਾਰੀ ਰੱਖਦਿਆਂ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਦੇ 350 ਸਾਲ ਪੂਰੇ ਹੋਣ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬ ਸਰਕਾਰ ਅਤੇ ਸਮੁੱਚੇ ਸਿੱਖ ਪੰਥ ਵੱਲੋਂ 17,18 ਤੇ 19 ਜੂਨ, 2015 ਨੂੰ ਇਸ ਦਾ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੇ 350 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਇਹ ਸੁਚਿੱਤਰ ਸੋਵੀਨਰ ਜੋ ਪ੍ਰਕਾਸ਼ਿਤ ਕੀਤਾ ਗਿਆ ਹੈ, ਇਸ ਵਿੱਚ ‘ਚੱਕ ਨਾਨਕੀ’ ਦੇ ਰੂਪ ਵਿਚ ਸ੍ਰੀ ਅਨੰਦਪੁਰ ਸਾਹਿਬ’ ਦੀ ਸਥਾਪਨਾ ਤੋਂ ਲੈ ਕੇ ਵਰਤਮਾਨ ਤੱਕ ਵੱਖ-ਵੱਖ ਵਿਸ਼ਿਆਂ ਦੇ 50 ਖੋਜ ਭਰਪੂਰ ਲੇਖ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲੇਖਾਂ ਵਿਚ ‘ਕਰਤਾਰਪੁਰ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ’ ‘ਚੱਕ ਨਾਨਕੀ ਤੋਂ ਸ੍ਰੀ ਅਨੰਦਪੁਰ ਸਾਹਿਬ’ ਅਤੇ ਵਰਤਮਾਨ ਤੱਕ ਇਤਿਹਾਸਕ ਵਿਕਾਸ ਦੀਆਂ ਪਰਤਾਂ ਨੂੰ ਉਘਾੜਦਿਆਂ ਹੋਇਆਂ ਇਸ ਦੇ ਭੂਤ ਤੇ ਭਵਿੱਖ ਦੀ ਗੱਲ ਵੀ ਕੀਤੀ ਗਈ ਹੈ। ਇਸ ਦੇ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੀ ਪ੍ਰਕਿਰਤਿਕ ਨੁਹਾਰ, ਇਸ ਦੀ ਭੂਗੋਲਿਕ ਸਥਿਤੀ ਅਤੇ ਭਵਨ ਨਿਰਮਾਣ ਕਲਾ ਨੂੰ ਬੜੇ ਖੂਬਸੂਰਤ ਢੰਗ ਨਾਲ ਚਿਤਰਿਆ ਗਿਆ ਹੈ।ਅਨੰਦਗੜ੍ਹ ਦਾ ਸੰਕਲਪ, ਖਾਲਸੇ ਦੀ ਸਿਰਜਨਾ, ਸ੍ਰੀ ਅਨੰਦਪੁਰ ਸਾਹਿਬ ਦਾ ਸਭਿਆਚਾਰ, ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਸ੍ਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ, ਸ੍ਰੀ ਅਨੰਦਪੁਰ ਸਾਹਿਬ ਦੇ ਇਤਿਹਾਸਕ ਅਸਥਾਨ ਅਤੇ ਸ਼ਸਤਰ ਆਦਿ ਪੱਖਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸੋਵੀਨਰ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀਆਂ ਪ੍ਰਮੁੱਖ ਸਖਸ਼ੀਅਤਾਂ, ਦਰਬਾਰੀ ਕਵੀ, ਪਹਾੜੀ ਰਾਜੇ ਅਤੇ ਵਰਤਮਾਨ ਤੱਕ ਦੇ ਰਾਗੀ, ਢਾਡੀ, ਕਵੀਸ਼ਰ, ਸਾਹਿਤਕਾਰ ਆਦਿ ਸ਼ਾਮਿਲ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਕਾਰਜ ਦੀ ਸੰਪੂਰਨਤਾ ਲਈ ਮੈਂ ਉਨ੍ਹਾਂ ਸਮੂਹ ਵਿਦਵਾਨ ਲੇਖਕਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਖੋਜ ਭਰਪੂਰ ਲੇਖ ਸੋਵੀਨਰ ਲਈ ਭੇਜੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਪ੍ਰੀਵਾਰ ਹੁਣ ਤੱਕ ਗੁਰੂ ਵਾਲੇ ਨਹੀਂ ਬਣੇ ਉਹ ਇਸ ਸੋਵੀਨਰ ਰਾਹੀਂ ਆਪਣੇ ਅਮੀਰ ਵਿਰਸੇ ਤੋਂ ਜਾਗਰੂਕ ਹੋ ਕੇ ‘ਅੰਮ੍ਰਿਤ ਛਕ’ ਗੁਰੂ ਵਾਲੇ ਬਨਣ ਤੇ ਕਲਗੀਧਰ ਦਸਮੇਸ਼ ਪਿਤਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ।

ਇਸ ਮੌਕੇ ਸ. ਤਰਲੋਚਨ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ, ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ, ਬਾਬਾ ਬਲਬੀਰ ਸਿੰਘ  ਮੁੱਖੀ ਬਾਬਾ ਬੁੱਢਾ ਦਲ, ਬਾਬਾ ਨਿਹਾਲ ਸਿੰਘ ਹਰੀਆ ਵੇਲਾ, ਸ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਸਤਬੀਰ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਸ. ਰਣਜੀਤ ਸਿੰਘ ਤੇ ਸ. ਬਲਵਿੰਦਰ ਸਿੰਘ ਜੌੜਾਸਿੰਘਾਂ ਵਧੀਕ ਸਕੱਤਰ ਆਦਿ ਹਾਜ਼ਰ ਸਨ।