ਅੰਮ੍ਰਿਤਸਰ, 14 ਜੂਨ-
ਸ਼੍ਰੋਮਣੀ ਕਮੇਟੀ ਦੇ ਡਰਾਈਵਰ ਦੇ ਗਵਾਚੇ ਪਰਸ ਨੂੰ ਵਾਪਸ ਕਰਕੇ ਨੌਜਵਾਨ ਹਰਵਿੰਦਰ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ। ਜਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਦੇ ਡਰਾਈਵਰ ਸ. ਸੁਰਜੀਤ ਸਿੰਘ ਦਾ ਪਰਸ ਗਵਾਚ ਗਿਆ ਸੀ। ਪਰਸ ਵਿਚ ਜਰੂਰੀ ਕਾਗਜਾਂ ਦੇ ਨਾਲ 15 ਹਜਾਰ ਦੇ ਕਰੀਬ ਰੁਪਏ ਵੀ ਸਨ। ਸੁਰਜੀਤ ਸਿੰਘ ਦਾ ਗਵਾਚਾ ਹੋਇਆ ਪਰਸ ਸ. ਹਰਵਿੰਦਰ ਸਿੰਘ ਜੋ ਪਿੰਡ ਗੁਰਵਾਲੀ, ਤਰਨ ਤਾਰਨ ਰੋਡ, ਅੰਮ੍ਰਿਤਸਰ ਦਾ ਵਾਸੀ ਹੈ ਨੂੰ ਮਿਲਿਆ ਤਾਂ ਉਸ ਨੇ ਪਰਸ ਵਿਚੋਂ ਮਿਲੇ ਪਤੇ ’ਤੇ ਸੰਪਰਕ ਕਰਕੇ ਪਰਸ ਵਾਪਸ ਕੀਤਾ। ਸ਼੍ਰੋਮਣੀ ਕਮੇਟੀ ਦੇ ਦਫਤਰ ਪਰਸ ਵਾਪਸ ਕਰਨ ਪਹੁੰਚੇ ਸ. ਹਰਵਿੰਦਰ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਵੱਲੋਂ ਸਨਮਾਨਿਤ ਕੀਤਾ ਗਿਆ। ਸ. ਆਹਲੀ ਨੇ ਨੌਜਵਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਨੇ ਲੱਭਿਆ ਹੋਇਆ ਪਰਸ ਵਾਪਸ ਕਰ ਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਇਸ ਨੌਜਵਾਨ ਵੱਲੋਂ ਵਿਖਾਈ ਇਮਾਨਦਾਰੀ ਹੋਰਨਾ ਲਈ ਪ੍ਰੇਰਨਾ ਬਣੇਗੀ।