ਅੰਮ੍ਰਿਤਸਰ, 17 ਜੂਨ (     ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਦੇ ਪਿਤਾ ਸ. ਪ੍ਰੀਤਮ ਸਿੰਘ ਜੋ ਕਿ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਦੀਆਂ ਅਸਥੀਆਂ ਅੱਜ ਗੋਇੰਦਵਾਲ ਸਾਹਿਬ ਵਿਖੇ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ। ਇਸ ਸਮੇਂ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਤੋਂ ਇਲਾਵਾ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਹਾਜ਼ਰ ਸਨ। ਪ੍ਰੋ: ਬਡੂੰਗਰ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੇਸ਼ੱਕ ਅਸੀਂ ਸੰਸਾਰਕ ਰਿਸ਼ਤਿਆਂ ਦੇ ਮੋਹ ਨਾਲ ਬੱਝੇ ਹੁੰਦੇ ਹਾਂ ਪਰ ਅਕਾਲ ਪੁਰਖ ਦੀ ਇਹ ਸੱਚਾਈ ਵੀ ਅਟੱਲ ਹੈ ਕਿ ਹਰ ਇਨਸਾਨ ਨੂੰ ਇਸ ਦੁਨੀਆਂ ਤੋਂ ਜਾਣਾ ਹੀ ਪੈਂਦਾ ਹੈ।

ਪ੍ਰੋ: ਬਡੂੰਗਰ ਨੇ ਕਿਹਾ ਕਿ ਸ. ਪ੍ਰੀਤਮ ਸਿੰਘ ਧਾਰਮਿਕ ਬਿਰਤੀ ਵਾਲੇ ਇਨਸਾਨ ਸਨ ਅਤੇ ਉਨ੍ਹਾਂ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਵਿਚ ਧਰਮ ਪ੍ਰਤੀ ਪ੍ਰੇਮ ਤੇ ਸੇਵਾ ਭਾਵ ਪੈਦਾ ਕਰਨ ਦਾ ਵੱਡਾ ਰੋਲ ਅਦਾ ਕੀਤਾ। ਉਨ੍ਹਾਂ ਕਿਹਾ ਕਿ ਮਨੁੱਖ ਆਪਣੇ ਚੰਗੇ ਗੁਣਾਂ ਕਰਕੇ ਹੀ ਲੋਕਾਂ ਵਿਚ ਜਾਣਿਆ ਜਾਂਦਾ ਹੈ। ਇਸ ਲਈ ਸ. ਪ੍ਰੀਤਮ ਸਿੰਘ ਨੂੰ ਉਨ੍ਹਾਂ ਦੀ ਉਚੀ ਸ਼ਖਸੀਅਤ ਕਰਕੇ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਵਧੀਕ ਸਕੱਤਰ ਧਰਮ ਪ੍ਰਚਾਰ, ਸ. ਭਗਵੰਤ ਸਿੰਘ ਨਿੱਜੀ ਸਹਾਇਕ ਅਤੇ ਹੋਰ ਹਾਜ਼ਰ ਸਨ।