ਕੈਨੇਡਾ ਅੰਦਰ ਸਿੱਖ ਨੂੰ ਦਸਤਾਰ ਉਤਾਰਨ ਲਈ ਮਜਬੂਰ ਕਰਨਾ ਮੰਦਭਾਗਾ

ਅੰਮ੍ਰਿਤਸਰ, 22 ਜਨਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਨੇ ਧੂਰੀ ਨੇੜਲੇ ਪਿੰਡ ਮਾਨਵਾਲਾ ਵਿਖੇ ਗੁਰਦੁਆਰਾ ਸਾਹਿਬ ਅੰਦਰ ਜਾਤੀ ਵਖਰੇਵੇਂ ਦੇ ਆਧਾਰ ‘ਤੇ ਸ੍ਰੀ ਅਖੰਡ ਪਾਠ ਸਾਹਿਬ ਨਾ ਕਰਵਾਉਣ ਦੇਣ ਨੂੰ ਸਿੱਖ ਸਿਧਾਂਤਾਂ ਦੇ ਵਿਰੁੱਧ ਕਰਾਰ ਦਿੰਦਆਂ ਇਸ ਦੀ ਅੱਜ ਇਕ ਵਾਰ ਫਿਰ ਨੰਦਾ ਕੀਤੀ। ਉਨ੍ਹਾਂ ਅੱਜ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਖ ਧਰਮ ਵਿੱਚ ਸ਼੍ਰੇਣੀ ਵੰਡ ਨੂੰ ਕੋਈ ਮਾਨਤਾ ਨਹੀਂ ਹੈ ਅਤੇ ਦਲਿਤ ਭਾਈਚਾਰਾ ਸਿੱਖ ਸਮਾਜ ਦਾ ਅਹਿਮ ਹਿੱਸਾ ਹੈ। ਜੋ ਲੋਕ ਊਚ ਨੀਚ ਦੇ ਨਾਂ ਹੇਠ ਦਲਿਤਾਂ ਨਾਲ ਵਖਰੇਵਾਂ ਕਰਦੇ ਹਨ ਉਹ ਗੁਰੂ ਦੇ ਸੱਚੇ ਸਿੱਖ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਹੀ ਉਹ ਸਬੰਧਤ ਪਰਿਵਾਰ ਨੂੰ ਮਿਲ ਕੇ ਆਏ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਸਿੱਖ ਧਰਮ ਭਾਈਚਾਰਕ ਸਾਂਝ ਦਾ ਹਾਮੀ ਹੈ। ਇੱਥੇ ਅਮੀਰ ਗਰੀਬ ਸਭ ਬਰਾਬਰ ਹਨ। ਗੁਰਦੁਆਰਾ ਸਾਹਿਬਾਨ ਸਭ ਦੇ ਸਾਂਝੇ ਹਨ ਤੇ ਕੋਈ ਵੀ ਆਪਣੀ ਭਾਵਨਾ ਅਨੁਸਾਰ ਗੁਰੂ ਘਰ ਅੰਦਰ ਸ੍ਰੀ ਅਖੰਡ-ਪਾਠ ਸਾਹਿਬ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਲੰਗਰ ਅਤੇ ਸੰਗਤ ਦੀ ਮਰਯਾਦਾ ਹੀ ਮਨੁੱਖੀ ਵੰਡੀਆਂ ਮਿਟਾਉਣ ਵਾਸਤੇ ਕੀਤੀ ਸੀ। ਇਸ ਲਈ ਗੁਰੂ ਦੇ ਨਾਂ ਤੇ ਵੰਡੀਆਂ ਪਾਉਣ ਵਾਲੇ ਲੋਕ ਆਪਣੀ ਧਾਰਨਾ ਬਦਲਣ ਅਤੇ ਗੁਰੂ ਸਾਹਿਬ ਦੀ ਵਿਚਾਰਧਾਰਾ ‘ਤੇ ਪਹਿਰਾ ਦੇਣ। ਉਨ੍ਹਾਂ ਕਿਹਾ ਕਿ ਗੁਰਦੁਆਰਾ ਕਮੇਟੀਆਂ ਨੂੰ ਖਾਸਕਰ ਇਨ੍ਹਾਂ ਗੱਲਾਂ ਤੇ ਤਵਜੋਂ ਦੇਣੀ ਚਾਹੀਦੀ ਹੈ।
ਉਨ੍ਹਾਂ ਕੈਨੇਡਾ ਅੰਦਰ ਇੱਕ ਸਿੱਖ ਨੂੰ ਦਸਤਾਰ ਉਤਾਰਨ ਲਈ ਮਜਬੂਰ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਮਾਮਲੇ ਦਾ ਭਾਰਤ ਸਰਕਾਰ ਨੂੰ ਨੋਟਿਸ ਲੈਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਕਿਹਾ ਕਿ ਉਹ ਇਹ ਮਾਮਲਾ ਭਾਰਤ ਦੀ ਵਿਦੇਸ਼ ਮੰਤਰੀ ਕੋਲ ਉਠਾਉਣਗੇ।