ਗੁਰਦੁਆਰਾ ਕਲਗੀਧਰ ਸਾਹਿਬ

ਗੁਰੂ ਗੋਬਿੰਦ ਸਿੰਘ ਜੀ ਦੀ ਅਮਰ ਯਾਦਗਾਰ ਵਜੋਂ ਸੁਭਾਇਮਾਨ ਹੈ। ਬਿਲਾਸਪੁਰ ਰਿਆਸਤ ਕਹਿਲੂਰ ਦੀ ਰਾਜਧਾਨੀ ਸੀ ਜੋ ਦਰਿਆ ਸਤਲੁਜ ਦੇ ਖੱਬੇ ਕੰਢੇ ‘ਤੇ ਸਥਿਤ ਹੈ। ਬਿਲਾਸਪੁਰ ਦਾ ਰਾਜਾ ਭੀਮ ਚੰਦ ਤੇ ਉਸ ਦੀ ਸੁਪਤਨੀ ਗੁਰੂ-ਘਰ ਦੇ ਪ੍ਰੀਤਵਾਨ-ਸ਼ਰਧਾਲੂ ਸਨ। ਭੀਮ ਚੰਦ ਗੁਰੂ ਜੀ ਨੂੰ ਆਦਰ-ਸਤਿਕਾਰ ਸਹਿਤ ਰਾਜ-ਮਹਿਲਾਂ ਵਿਚ ਲੈ ਕੇ ਆਇਆ ਅਤੇ ਤਨੋ-ਮਨੋ ਸੇਵਾ ਕੀਤੀ। ਕੰਵਰ ਅਜਮੇਰ ਦੀ ਸ਼ਾਦੀ ਸਮੇਂ ਭੀਮ ਚੰਦ ਦੀ ਗੁਰੂ-ਘਰ ਨਾਲ ਵਿਗੜ ਗਈ ‘ਤੇ ਕਈ ਵਾਰ ਗੁਰੂ-ਘਰ ‘ਤੇ ਹਮਲਾਵਰ ਹੋ ਕੇ ਆਇਆ ਪਰ ਹਰ ਵਾਰ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਗੁਰੂ ਗੋਬਿੰਦ ਸਿੰਘ ਜੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ। ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਮੁਬਾਰਕ ਚਰਨ ਇਸ ਅਸਥਾਨ ‘ਤੇ ਪਾਏ ਸਨ।

ਇਸ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਕੁੱਲੂ-ਮਨਾਲੀ ਨੂੰ ਜਾਣ ਵਾਲੀਆਂ ਸਿੱਖ ਸੰਗਤਾਂ ਇਸ ਅਸਥਾਨ ਦੇ ਦਰਸ਼ਨ ਕਰਕੇ ਅੱਗੇ ਜਾਂਦੀਆਂ ਹਨ। ਲੋਕਲ ਸਿੱਖ ਅਬਾਦੀ ਨਾਂ-ਮਾਤਰ ਹੀ ਹੈ। ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਰਾਹੀਂ ਕਰਦੀ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ ਪ੍ਰਸ਼ਾਦਿ ਦਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਵੀ ਦੋ ਹਾਲ, ੩ ਕਮਰੇ ਤੇ ਇਕ ਗੈਸਟ ਹਾਊਸ ਹੈ।

ਇਹ ਇਤਿਹਾਸਕ ਅਸਥਾਨ ਸ਼ਹਿਰ ਬਿਲਾਸਪੁਰ ਜੋ ਹਿਮਾਚਲ ਰਾਜ ਦਾ ਤਹਿਸੀਲ ਤੇ ਜ਼ਿਲ੍ਹਾ ਹੈਡਕੁਆਰਟਰ ਹੈ ਵਿਖੇ ਸਥਿਤ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ੫੩ ਕਿਲੋਮੀਟਰ ਤੇ ਬੱਸ ਸਟੈਂਡ ਬਿਲਾਸਪੁਰ ਤੋਂ ਕੇਵਲ ½ ਕਿਲੋਮੀਟਰ ਦੀ ਦੂਰੀ ‘ਤੇ ਅਨੰਦਪੁਰ ਬਿਲਾਸਪੁਰ-ਕੁੱਲੂ-ਮਨਾਲੀ ਰੋਡ ‘ਤੇ ਸਥਿਤ ਹੈ।

Gurdwara Text Courtesy :- Dr. Roop Singh, Secretary S.G.P.C.