ਮਸਲੇ ਦੇ ਹੱਲ ਲਈ ਪੰਥਕ ਆਗੂਆਂ ‘ਤੇ ਅਧਾਰਿਤ ਬਣਾਈ ਜਾਵੇਗੀ ਉੱਚ ਪੱਧਰੀ ਕਮੇਟੀ
-ਗਿਆਨੀ ਗੁਰਬਚਨ ਸਿੰਘ

ਮਸਲੇ ਦੇ ਹੱਲ ਤੱਕ ਸੰਘਰਸ਼ ਜਾਰੀ ਰਹੇਗਾ -ਪ੍ਰੋ. ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ, 24 ਮਈ – ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿ ਕੀ ਪੌੜੀ, ਹਰਿਦੁਆਰ ਦੀ ਮੁੜ ਸਥਾਪਨਾ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਜਥੇਬੰਦੀਆਂ, ਨਿਹੰਗ ਸਿੰਘ ਦਲਾਂ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ, ਦਮਦਮੀ ਟਕਸਾਲ, ਨਿਰਮਲੇ, ਸੇਵਾ ਪੰਥੀ ਅਤੇ ਉਦਾਸੀ ਸੰਪਰਦਾਵਾਂ ਦੇ ਨੁਮਾਇੰਦਿਆਂ ਦੀ ਅੱਜ ਤੇਜਾ ਸਿੰਘ ਸਮੁੰਦਰੀ ਹਾਲ, ਸ੍ਰੀ ਅੰਮ੍ਰਿਤਸਰ ਵਿਖੇ ਹੋਈ ਅਹਿਮ ਇਕੱਤਰਤਾ ਹੋਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਇਕ ਅਵਾਜ਼ ਵਿਚ ਮਸਲੇ ਦੇ ਹੱਲ ਲਈ ਕੌਮੀ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਹੋਈ ਇਸ ਇਕੱਤਰਤਾ ਦੀ ਆਰੰਭਤਾ ਲਈ ਭਾਈ ਰਾਜਦੀਪ ਸਿੰਘ ਨੇ ਅਰਦਾਸ ਕੀਤੀ ਜਦਕਿ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪਾਵਨ ਹੁਕਮਨਾਮਾ ਲਿਆ।
ਇਸ ਮੌਕੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਅੱਜ ਇਕੱਤਰਤਾ ਵਿਚ ਵੱਖ-ਵੱਖ ਜਥੇਬੰਦੀਆਂ ਦੇ ਮੁਖੀਆਂ ਵੱਲੋਂ ਆਏ ਸੁਝਾਵਾਂ ‘ਤੇ ਉਨ੍ਹਾਂ ਇਕ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਇਸ ਸਬੰਧੀ ਅਗਲੇ ਦਿਨਾਂ ਵਿਚ ਪੰਜ ਸਿੰਘ ਸਾਹਿਬਾਨ ਦੀ ਵਿਸ਼ੇਸ਼ ਇਕੱਤਰਤਾ ਸੱਦੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦੀ ਸਹਿਮਤੀ ਨਾਲ ਬਣਾਈ ਜਾਣ ਵਾਲੀ ਇਹ ਕਮੇਟੀ ਸਬੰਧਤ ਸਰਕਾਰਾਂ ਅਤੇ ਸਥਾਨਕ ਆਗੂਆਂ ਨਾਲ ਗੱਲਬਾਤ ਕਰੇਗੀ। ਉਨ੍ਹਾਂ ਕਿਹਾ ਕਿ ਸਮੁੱਚੀ ਲਹਿਰ ਸ਼ਾਂਤਮਈ ਢੰਗ ਨਾਲ ਚਲਾਈ ਜਾਵੇਗੀ। ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਅੱਜ ਪ੍ਰਾਪਤ ਹੋਏ ਸੁਝਾਵਾਂ ਨੂੰ ਵੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਗੰਭੀਰਤਾ ਨਾਲ ਵਿਚਾਰਿਆ ਜਾਵੇਗਾ। ਉਨ੍ਹਾਂ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਸਿੱਖਾਂ ਦਾ ਮੁਬਾਰਕ ਅਸਥਾਨ ਦੱਸਦਿਆਂ ਕਿਹਾ ਕਿ ਜਿਥੇ-ਜਿਥੇ ਵੀ ਗੁਰੂ ਸਾਹਿਬਾਨ ਨੇ ਚਰਨ ਪਾਏ ਹਨ, ਉਨ੍ਹਾਂ ਥਾਵਾਂ ਪੂਜਣਯੋਗ ਹਨ। ਇਸੇ ਲਈ ਇਸ ਅਸਥਾਨ ਨਾਲ ਸਿੱਖਾਂ ਦੀਆਂ ਦਿਲੀ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਇਸ ਦੀ ਮੁੜ ਸਥਾਪਨਾ ਉਸੇ ਹੀ ਜਗ੍ਹਾ ‘ਤੇ  ਕੀਤੀ ਜਾਵੇ ਨਾ ਹੀ ਕਿਸੇ ਹੋਰ ਜਗ੍ਹਾ ‘ਤੇ। ਉਨ੍ਹਾਂ ਇਹ ਵੀ ਆਖਿਆ ਕਿ ਬੇਸ਼ੱਕ ਨਿੱਜੀ ਤੌਰ ‘ਤੇ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਨਿਰੰਤਰ ਯਤਨ ਅਤੇ ਮੰਗ ਕੀਤੀ ਜਾਂਦੀ ਰਹੀ ਹੈ, ਪਰ ਹੁਣ ਪੰਥਕ ਤੌਰ ‘ਤੇ ਲਹਿਰ ਆਰੰਭੀ ਗਈ ਹੈ ਅਤੇ ਨਿਰਸੰਦੇਹ ਇਸ ਦੇ ਨਤੀਜੇ ਵੀ ਸਾਰਥਕ ਨਿਕਲਣਗੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੀ ਜ਼ਮੀਰ ਦੀ ਆਜ਼ਾਦੀ ਲਈ ਸੰਸਾਰ ਯਾਤਰਾਵਾਂ ਕੀਤੀਆਂ ਅਤੇ ਇਸੇ ਤਹਿਤ ਹੀ ਉਹ ਹਰਿਦੁਆਰ ਵੀ ਗਏ, ਜਿਸ ਦੀ ਯਾਦ ਵਿਚ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਥਾਪਤ ਸੀ। ਉਨ੍ਹਾਂ ਕਿਹਾ ਕਿ ਦੁਖਦ ਪਹਿਲੂ ਇਹ ਹੈ ਕਿ ਦੇਸ਼ ਦੀ ਆਜ਼ਾਦੀ ਲਈ ੮੦ ਫ਼ੀਸਦੀ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸਿੱਖ ਆਪਣੇ ਗੁਰੂ ਸਾਹਿਬ ਦੀ ਯਾਦ ਵਿਚ ਸਥਾਪਤ ਗੁਰਦੁਆਰਾ ਸਾਹਿਬ ਦੀ ਮੁੜ ਉਸਾਰੀ ਲਈ ਜਦੋ-ਜਹਿਦ ਕਰਨੀ ਪੈ ਰਹੀ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਿਨਾ ਦੇਰੀ ਮਸਲੇ ਦਾ ਹੱਲ ਕਰਨ ਲਈ ਹਰਿ ਕੀ ਪੌੜੀ ਵਿਖੇ ਗੁਰੂ ਸਾਹਿਬ ਸਥਾਪਤ ਕਰਨ ਲਈ ਪਹਿਲ ਕਦਮੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਸਬੰਧੀ ਜਾਗਰੂਕ ਕਰਨ ਅਤੇ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦੀ ਇਤਿਹਾਸਕ ਮਹੱਤਤਾ ਨੂੰ ਸੰਗਤ ਵਿਚ ਉਜਾਗਰ ਕਰਨ ਲਈ ਦੇਸ਼ ਦੇ ਸਾਰੇ ਸੂਬਿਆਂ ਵਿਚ ਲਹਿਰ ਚਲਾਈ ਜਾਵੇਗੀ। ਪ੍ਰੋ. ਬਡੂੰਗਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਹੈ ਅਤੇ ਮਸਲੇ ਦੇ ਹੱਲ ਤੱਕ ਸੰਘਰਸ਼ਸ਼ੀਲ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਆਪਣਾ ਸੰਵਿਧਾਨਕ ਅਧਿਕਾਰ ਵਰਤਿਆਂ ਇਸ ਧਾਰਮਿਕ ਮਸਲੇ ਜਲਦ ਹੱਲ ਕਰਨ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਗੁਰਦੁਆਰਾ ਗਿਆਨ ਗੋਦੜੀ ਸਾਹਿਬ ੧੯੭੮ ਤੱਕ ਹਰਿ ਕੀ ਪੌੜੀ ਹਰਿਦੁਆਰ ਵਿਖੇ ਸਥਾਪਤ ਸੀ ਜੋ ਸਰਕਾਰ ਵੱਲੋਂ ਸੁੰਦਰੀਕਰਨ ਅਤੇ ਵਿਕਾਸ ਦੇ ਨਾਮ ‘ਤੇ ਢਾਹ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ੧੯੮੪ ਦੇ ਆਸ-ਪਾਸ ਇਸ ਅਸਥਾਨ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਆਰੰਭੇ ਗਏ, ਪਰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਟਾਲ-ਮਟੋਲ ਕਰਦਿਆਂ ਅੱਜ ਤੱਕ ਕੇਵਲ ਲਾਰੇ ਹੀ ਲਾਏ। ਉਨ੍ਹਾਂ ਕਿਹਾ ਕਿ ਹੁਣ ਪੰਥਕ ਇਕਜੁਟਤਾ ਦੀ ਭਾਵਨਾ ਨਾਲ ਆਰੰਭੀ ਗਈ ਇਸ ਲਹਿਰ ਨਾਲ ਇਕ ਵਾਰ ਫਿਰ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਇਹ ਲਹਿਰ ਜ਼ਰੂਰ ਕਾਮਯਾਬ ਹੋਵੇਗੀ ਕਿਉਂਕਿ ਇਹ ਨਿੱਜੀ ਸਵਾਰਥ ਤੋਂ ਦੂਰ ਕੇਵਲ ਪੰਥਕ ਕਾਰਜ ਲਈ ਸੇਧਤ ਹੈ।
ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ ਅਤਿ ਗੰਭੀਰ ਅਤੇ ਸੰਵੇਦਨਸ਼ੀਲ ਮਸਲਾ ਹੈ, ਜਿਸ ਦੇ ਹੱਲ ਲਈ ਸਾਰਾ ਪੰਥ ਇਕਜੁਟ ਹੋ ਕੇ ਤੁਰ ਪਿਆ ਹੈ ਅਤੇ ਯਕੀਨਨ ਮਸਲੇ ਦਾ ਹੱਲ ਵੀ ਜਲਦੀ ਹੋਵੇਗਾ। ਉਨ੍ਹਾਂ ਇਹ ਵੀ ਆਖਿਆ ਕਿ ਹਰਿਦੁਆਰ ਦੀ ਧਾਰਮਿਕ ਮਹੱਤਤਾ ਗੁਰੂ ਨਾਨਕ ਸਾਹਿਬ ਦੇ ਪਾਵਨ ਅਸਥਾਨ ਤੋਂ ਬਿਨਾ ਸੰਪੂਰਣ ਨਹੀਂ। ਉਨ੍ਹਾਂ ਸੁਝਾਅ ਦਿੰਦਿਆਂ ਕਿਹਾ ਕਿ ਇਸ ਮਸਲੇ ਸਬੰਧੀ ਹਰਿਦੁਆਰ ਦੇ ਸਥਾਨਕ ਹਰ ਧਰਮ ਦੇ ਧਾਰਮਕ ਮੁੱਖੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤਾਂ ਜੋ ਇਸ ਅਸਥਾਨ ਦੀ ਮੁੜ ਸਥਾਪਨਾ ਲਈ ਰਾਹ ਪੱਧਰਾ ਹੋ ਸਕੇ। ਉਨ੍ਹਾਂ ਵਿਸ਼ੇਸ਼ ਤਵੱਜੋਂ ਦਿੰਦਿਆਂ ਕਿਹਾ ਕਿ ਗੁਰਦੁਆਰਾ ਸਾਹਿਬ ਲਈ ਜਗ੍ਹਾ ਪ੍ਰਾਪਤ ਕਰਨ ਲਈ ਸੰਘਰਸ਼ ਸ਼ਾਂਤਮਈ ਅਤੇ ਪ੍ਰੇਰਕ ਹੋਣਾ ਚਾਹੀਦਾ ਹੈ। ਇਸ ਲਈ ਹਲੇਮੀ, ਸੰਜਮ, ਧੀਰਜ ਅਤੇ ਦੂਰ-ਅੰਦੇਸ਼ੀ ਜ਼ਰੂਰੀ ਹੈ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ੯੬ ਕਰੋੜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਸਾਡਾ ਸਭ ਦਾ ਸਾਂਝਾ ਮਨੋਰਥ ਹੈ ਅਤੇ ਇਸ ਕਾਰਜ ਲਈ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਅੱਗੇ ਹੋ ਕੇ ਚੱਲਣਗੀਆਂ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਕਾਰਜ ਨਹੀਂ ਜਿਸ ਵਿਚ ਖ਼ਾਲਸਾ ਪੰਥ ਸਫ਼ਲ ਨਾ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਚੜ੍ਹਦੀ ਕਲਾ ਦੀ ਭਾਵਨਾ ਅਤੇ ਅਕਾਲ ਪੁਰਖ ਦੇ ਓਟ ਆਰਸੇ ਨਾਲ ਇਸ ਕਾਰਜ ਨੂੰ ਪੂਰਾ ਕਰਨ ਲਈ ਹਰ ਯਤਨ ਕੀਤਾ ਜਾਵੇਗਾ।
ਵਿਸ਼ਾਲ ਇਕੱਤਰਤਾ ਦੌਰਾਨ ਭਾਈ ਅਮਰਜੀਤ ਸਿੰਘ ਚਾਵਲਾ ਜਰਨਲ ਸਕੱਤਰ ਸ਼੍ਰੋਮਣੀ ਕਮੇਟੀ, ਬੀਬੀ ਜਗੀਰ ਕੌਰ ਪ੍ਰਧਾਨ ਇਸਤਰੀ ਅਕਾਲੀ ਦਲ, ਬਾਬਾ ਤੇਜਾ ਸਿੰਘ ਖੁੱਡਾ ਕੁਰਾਲਾ ਨਿਰਮਲੇ ਸੰਪ੍ਰਦਾਇ, ਸ. ਸੰਤੋਖ ਸਿੰਘ ਸੇਠੀ ਜਨਰਲ ਸਕੱਤਰ ਚੀਫ਼ ਖ਼ਾਲਸਾ ਦੀਵਾਨ, ਭਾਈ ਸੁਰਿੰਦਰ ਸਿੰਘ ਮਿੱਠਾ ਟਿਵਾਣਾ ਸੇਵਾ ਪੰਥੀ, ਸ. ਗੁਰਚਰਨ ਸਿੰਘ ਗਰੇਵਾਲ ਫੈਡਰੇਸ਼ਨ ਆਗੂ, ਸ. ਗੁਰਦੀਪ ਸਿੰਘ ਭਾਟੀਆ ਇੰਦੌਰ ਸਿੰਘ ਸਭਾ, ਭਾਈ ਸਰਵਣ ਸਿੰਘ ਪ੍ਰਚਾਰਕ ਨੇ ਵੀ ਵਿਚਾਰ ਸਾਂਝੇ ਕਰਦਿਆਂ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਸਬੰਧੀ ਸੁਝਾਅ ਦਿੱਤੇ।
ਇਸ ਮੌਕੇ ਸ਼੍ਰੋਮਣੀ ਕਮੇਟੀ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਾਇਮਪੁਰ, ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ, ਅੰਤਿੰ੍ਰਗ ਕਮੇਟੀ ਮੈਂਬਰ ਭਾਈ ਰਾਮ ਸਿੰਘ, ਸ. ਸੁਰਜੀਤ ਸਿੰਘ ਭਿੱਟੇਵਡ, ਸ. ਜੈਪਾਲ ਸਿੰਘ ਮੰਡੀਆ, ਸ. ਨਿਰਮਲ ਸਿੰਘ ਹਰਿਆਓ, ਸ. ਬਲਵਿੰਦਰ ਸਿੰਘ ਵੇਈਂਪੂਈਂ, ਭਾਈ ਜਸਬੀਰ ਸਿੰਘ ਰੋਡੇ, ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਭੂਰੀਵਾਲੇ, ਬਾਬਾ ਅਵਤਾਰ ਸਿੰਘ ਮੁਖੀ ਬਿਧੀਚੰਦ ਸੰਪ੍ਰਦਾਇ, ਬਾਬਾ ਸੁਖਚੈਨ ਸਿੰਘ ਧਰਮਪੁਰਾ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਸਰਵਨਜੀਤ ਸਿੰਘ ਮੁਖੀ ਮਿਸ਼ਨ ਸ਼ਹੀਦਾਂ ਤਰਨ ਦਲ, ਬਾਬਾ ਨਵਰੰਗ ਸਿੰਘ ਹਰੀਆਂ ਵੇਲਾਂ, ਬਾਬਾ ਵੱਸਣ ਸਿੰਘ ਦਲ ਮੜੀਆ ਵਾਲਾ, ਬਾਬਾ ਸੁਖਵਿੰਦਰ ਸਿੰਘ ਫਿਲੌਰ, ਬਾਬਾ ਵਰਿਆਮ ਸਿੰਘ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸ. ਹਰਚਰਨ ਸਿੰਘ, ਸਕੱਤਰ ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ ਸੈਂਪਲਾ, ਸ. ਪਰਮਜੀਤ ਸਿੰਘ ਰਾਣਾ ਦਿੱਲੀ ਕਮੇਟੀ, ਸ. ਕੁਲਮੋਹਨ ਸਿੰਘ ਚੇਅਰਮੈਨ ਧਰਮ ਪ੍ਰਚਾਰ ਦਿੱਲੀ ਕਮੇਟੀ, ਸ. ਗੁਰਪ੍ਰੀਤ ਸਿੰਘ ਬੱਗਾ, ਸ. ਕੁਲਦੀਪ ਸਿੰਘ ਭੋਗਲ, ਬਾਬਾ ਗੱਜਣ ਸਿੰਘ ਤਰਨਾ ਦਲ, ਬਾਬਾ ਤਰਲੋਕ ਸਿੰਘ ਖਿਆਲੇ ਵਾਲੇ, ਸ. ਗੁਰਚਰਨ ਸਿੰਘ ਗੁਰੂ ਗੋਬਿੰਦ ਸਿੰਘ ਸਟੱਡੀਜ਼ ਸਰਕਲ, ਬਾਬਾ ਜਸਵੰਤ ਸਿੰਘ ਨਾਨਕਸਰ, ਭਾਈ ਰਵਿੰਦਰ ਸਿੰਘ ਸ਼੍ਰੋਮਣੀ ਰਾਗੀ ਸਭਾ, ਸ. ਅਵਤਾਰ ਸਿੰਘ ਹਿੱਤ, ਡਾ. ਧਰਮਵੀਰ ਸਿੰਘ ਚੀਫ ਖ਼ਾਲਸਾ ਦੀਵਾਨ, ਸ. ਬ੍ਰਿਜਇੰਦਰ ਪਾਲ ਸਿੰਘ ਤੇ ਹਰਪਾਲ ਸਿੰਘ ਕੇਂਦਰੀ ਸਿੰਘ ਸਭਾ ਡੇਹਰਾਦੂਨ, ਸ. ਰਤਨਦੀਪ ਸਿੰਘ ਮਾਤਾ ਗੁਜਰੀ ਫਾਊਂਡੇਸ਼ਨ ਇੰਦੌਰ, ਬਾਬਾ ਸਤੀਸ਼ ਸਿੰਘ ਨਿਰਮਲ ਕੁਟੀਆ ਹਰਿਦੁਆਰ, ਬਾਬਾ ਹਰੀਦੇਵ ਸਿੰਘ ਨਿਰਮਲੇ ਸੰਪ੍ਰਦਾਇ ਅਜਨਾਲਾ, ਬਾਬਾ ਸੁਖਵੰਤ ਸਿੰਘ ਨਿਰਮਲੇ ਸੰਪ੍ਰਦਾਇ ਜਲੰਧਰ, ਬਾਬਾ ਅਮਰਜੀਤ ਸਿੰਘ ਨਿਰਮਲੇ ਸੰਪ੍ਰਦਾਇ ਮੁਹਾਲੀ, ਬਾਬਾ ਤਰਸੇਮ ਸਿੰਘ ਮੁਖੀ ਤਰਨ ਦਲ ਮਹਿਤਾ ਚੌਂਕ, ਬਾਬਾ ਮੇਜਰ ਸਿੰਘ ਦਸਮੇਸ਼ ਤਰਨ ਦਲ ਲੁਧਿਆਣਾ, ਜਥੇ: ਹਰਭਜਨ ਸਿੰਘ ਤਰਨਾ ਦਲ ਮਿਸਲ ਬਾਬਾ ਬਘੇਲ ਸਿੰਘ ਜੀ, ਬਾਬਾ ਸਤਨਾਮ ਸਿੰਘ ਮਿਸਲ ਬਾਬਾ ਸ਼ਾਮ ਸਿੰਘ ਅਟਾਰੀ, ਸ. ਜਸਬੀਰ ਸਿੰਘ ਭਾਈ ਘਨੱਈਆ ਜੀ ਮਿਸ਼ਨ ਸੁਸਾਇਟੀ, ਮੈਂਬਰ ਧਰਮ ਪ੍ਰਚਾਰ ਕਮੇਟੀ ਸ. ਸੁਖਵਰਸ਼ ਸਿੰਘ ਪੰਨੂੰ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਅਵਤਾਰ ਸਿੰਘ ਵਣਵਾਲਾ, ਸ. ਅਜੈਬ ਸਿੰਘ ਅਭਿਆਸੀ, ਮੈਂਬਰ ਸ਼੍ਰੋਮਣੀ ਕਮੇਟੀ ਸ. ਰਾਜਿੰਦਰ ਸਿੰਘ ਮਹਿਤਾ, ਸ. ਅਮਰੀਕ ਸਿੰਘ ਸ਼ਾਹਪੁਰ, ਬੀਬੀ ਕਿਰਨਜੋਤ ਕੌਰ, ਸ. ਬਾਵਾ ਸਿੰਘ ਗੁਮਾਨਪੁਰਾ, ਬੀਬੀ ਜੋਗਿੰਦਰ ਕੌਰ, ਬੀਬੀ ਬਲਵਿੰਦਰ ਕੌਰ ਲੋਪੋਕੇ, ਸ. ਅਮਰਜੀਤ ਸਿੰਘ ਬੰਡਾਲਾ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਗੁਰਿੰਦਰਪਾਲ ਸਿੰਘ ਗੋਰਾ, ਬੀਬੀ ਜਸਬੀਰ ਕੌਰ ਜਬਰਵਾਲ, ਸ. ਮਨਜੀਤ ਸਿੰਘ ਬੱਭੀਆ, ਸ. ਗੁਰਬਚਨ ਸਿੰਘ ਕਰਮੂੰਵਾਲਾ, ਸ. ਗੁਰਨਾਮ ਸਿੰਘ ਜੋਸਲ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਗੁਰਮੀਤ ਸਿੰਘ ਬੂਹ, ਸ. ਗੁਰਮੀਤ ਸਿੰਘ ਜੀਰਾ, ਬਾਬਾ ਗੁਰਮੀਤ ਸਿੰਘ, ਸੰਤ ਦਲਬਾਰ ਸਿੰਘ, ਸ. ਭਗਵੰਤ ਸਿੰਘ ਸਿਆਲਕਾ, ਸ. ਬਲਦੇਵ ਸਿੰਘ ਚੰਘਾ, ਸ. ਬਿਕਰਮਜੀਤ ਸਿੰਘ ਕੋਟਲਾ, ਬੀਬੀ ਸਵਰਨ ਕੌਰ, ਸ. ਸੁਖਚੈਨ ਸਿੰਘ ਧਰਮਪੁਰਾ, ਸੰਤ ਚਰਨਜੀਤ ਸਿੰਘ, ਸ. ਚਰਨਜੀਤ ਸਿੰਘ, ਸ. ਸੱਜਣ ਸਿੰਘ ਬੱਜੂਮਾਨ, ਬਾਬਾ ਗੋਪਾਲ ਸਿੰਘ ਕਾਰ ਸੇਵਾ ਜੀਂਦ, ਬਾਬਾ ਗੁਰਜੀਤ ਸਿੰਘ ਕਾਰ ਸੇਵਾ ਦਿੱਲੀ ਵਾਲੇ, ਬਾਬਾ ਗੁਲਜ਼ਾਰ ਸਿੰਘ ਕਾਰ ਸੇਵਾ ਫ਼ਤਹਿਗੜ੍ਹ ਸਾਹਿਬ, ਬਾਬਾ ਗੁਰਪਿੰਦਰ ਸਿੰਘ ਕਾਰ ਸੇਵਾ ਸਤਲਾਣੀ ਸਾਹਿਬ, ਬਾਬਾ ਹਰੀ ਸਿੰਘ ਡੇਰਾ ਕਾਰ ਸੇਵਾ ਰਾਏਕੋਟ, ਬਾਬਾ ਮੇਜਰ ਸਿੰਘ ਕਾਰ ਸੇਵਾ ਵਾਂ ਵਾਲੇ, ਬਾਬਾ ਮੋਹਨ ਸਿੰਘ ਕਾਰ ਸੇਵਾ ਬੀੜ ਬਾਬਾ ਬੁੱਢਾ ਜੀ ਠੱਠਾ, ਬਾਬਾ ਸਰਦਾਰਾ ਸਿੰਘ, ਭਾਈ ਗੁਰਦਿਆਲ ਸਿੰਘ ਟਾਂਡੇ ਵਾਲੇ, ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਵਾਲੇ, ਬਾਬਾ ਅਮੀਰ ਸਿੰਘ ਜਵੱਦੀ ਟਕਸਾਲ, ਬਾਬਾ ਗੁਰਦੀਪ ਸਿੰਘ ਗੁ: ਸਿੰਘ ਸਭਾ ਛਾਉਣੀ ਨਿਹੰਗ ਸਿੰਘ, ਬਾਬਾ ਦਲਬੀਰ ਸਿੰਘ ਮਿਸਲ ਬਾਬਾ ਬੋਤਾ ਸਿੰਘ ਗਰਜਾ ਸਿੰਘ, ਸ. ਜਗਮੇਰ ਸਿੰਘ ਛਾਂਜਲਾ ਪ੍ਰਧਾਨ ਗ੍ਰੰਥੀ/ਰਾਗੀ/ਪ੍ਰਚਾਰਕ ਆਲ ਇੰਡੀਆ, ਸ. ਪਰਮਜੀਤ ਸਿੰਘ ਜਨਰਲ ਸਕੱਤਰ ਸਿੱਖ ਸਟੂਡੈਂਟਸ ਫੈਡਰੇਸ਼ਨ, ਬੀਬੀ ਰਜਿੰਦਰ ਕੌਰ ਨਿਸ਼ਕਾਮ ਇਸਤਰੀ ਸਤਿਸੰਗ ਸਭਾ ਸਮੇਤ ਵੱਡੀ ਗਿਣਤੀ ਵਿਚ ਵੱਖ-ਵੱਖ ਜਥੇਬੰਦੀਆਂ ਅਤੇ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।