ਗੁਰਦੁਆਰਾ ‘ਗੁਰੂਸਰ’ ਕਾਉਂਕੇ (ਲੁਧਿਆਣਾ)

ਗੁਰਦੁਆਰਾ ‘ਗੁਰੂਸਰ’ ਕਾਉਂਕੇ (ਲੁਧਿਆਣਾ) ਮੀਰੀ-ਪੀਰੀ ਦੇ ਮਾਲਕ, ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਸੁਭਾਇਮਾਨ ਹੈ। ਡਰੋਲੀ ਭਾਈ ਵਿਖੇ ਸਤਿਗੁਰਾਂ ਦੇ ਪ੍ਰੇਮੀ ਗੁਰਸਿੱਖ ਤੇ ਰਿਸ਼ਤੇਦਾਰ, ਭਾਈ ਸਾਂਈ ਦਾਸ ਜੀ ਰਹਿੰਦੇ ਸਨ, ਜਿਨ੍ਹਾਂ ਨੇ ਆਪਣੇ ਨਿਵਾਸ ਲਈ ਨਵੇਂ ਮਕਾਨ ਦਾ ਨਿਰਮਾਣ ਕਰਵਾਇਆ। ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਸਭ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਨਵੇਂ ਮਕਾਨ ਵਿਚ ਚਰਨ ਪਾਉਣ। ਮਾਲਵੇ ਦੀ ਪ੍ਰਚਾਰ ਫੇਰੀ ਦੌਰਾਨ ਸਤਿਗੁਰੂ ਜੀ ਨੇ ਸਿਧਵਾਂ ਤੋਂ ਡਰੋਲੀ ਭਾਈ ਨੂੰ ਜਾਣ ਸਮੇਂ 1613 ਨੂੰ ਕਾਉਂਕੇ ਪਿੰਡ ਦੇ ਨਜ਼ਦੀਕ ਕੁਝ ਦਿਨਾਂ ਲਈ ਨਿਵਾਸ ਕਰ ਲੋਕਾਈ ਨੂੰ ਅਕਾਲ ਪੁਰਖ ਨਾਲ ਜੋੜਿਆ। ਸਤਿਗੁਰਾਂ ਦੇ ਨਿਵਾਸ ਸਥਾਨ ‘ਤੇ ਗੁਰੂ-ਘਰ ਦੇ ਪ੍ਰੀਤਵਾਨਾਂ ਨੇ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਜੋ ‘ਗੁਰੂ ਸਰ’ ਦੇ ਨਾਮ ਨਾਲ ਪ੍ਰਸਿੱਧ ਹੋਇਆ। 1955 ਈ: ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਦਾ ਵਿਸਥਾਰ ਤੇ ਸਰੋਵਰ ਨੂੰ ਪੱਕਿਆਂ ਕੀਤਾ ਗਿਆ। ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਪਹਿਲਾਂ ਨਿਹੰਗ ਸਿੰਘ ਕਰਦੇ ਸਨ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਦੀ ਸਹਾਇਤਾ ਨਾਲ ਪ੍ਰਬੰਧ ਨੂੰ ਚਲਾਉਂਦੀ ਹੈ। ਇਸ ਅਸਥਾਨ ‘ਤੇ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ ਗੁਰਪੁਰਬ, ਪੰਚਮ ਪਾਤਸ਼ਾਹ ਦਾ ਸ਼ਹੀਦੀ ਜੋੜ ਮੇਲਾ, ਵੈਸਾਖੀ ਤੇ ਮੇਲਾ ਮਾਘੀ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਯਾਤਰੂਆਂ ਦੀ ਰਿਹਾਇਸ਼ ਤੇ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ।

‘ਗੁਰੂਸਰ’ ਕਾਉਂਕੇ ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਵਿਚ ਮੋਗਾ-ਲੁਧਿਆਣਾ ਰੋਡ ‘ਤੇ ਨਾਨਕਸਰ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

 

 

Gurdwara Text Courtesy :- Dr. Roop Singh, Secretary S.G.P.C.