ਸੰਗਤਾਂ ਗੁਰੂ-ਘਰ ਦੀ ਪਹਿਰੇਦਾਰੀ ਲਾਜ਼ਮੀ ਕਰਨ

ਅੰਮ੍ਰਿਤਸਰ 20 ਅਕਤੂਬਰ (        ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਪੰਥ ਦੋਖੀਆਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਿਲਸਿਲਾ ਪੰਜਾਬ ਅੰਦਰ ਲਗਾਤਾਰ ਜਾਰੀ ਹੈ ਜੋ ਬੇਹੱਦ ਘਿਨਾਉਣਾ ਦੁਖਦਾਈ ਤੇ ਨਾ-ਸਹਾਰਨਯੋਗ ਹੈ।

ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ‘ਚ ਆਇਆ ਹੈ ਕਿ ਕਸਬਾ ਗੁਰੂਸਰ ਜਲਾਲ (ਬਠਿੰਡਾ) ਵਿਖੇ ਵੀ ਪੰਥ ਦੋਖੀਆਂ ਵੱਲੋਂ ਸੋਚੀ ਸਮਝੀ ਸਾਜਿਸ਼ ਤਹਿਤ ਵੱਡੇ ਪੱਧਰ ਤੇ ਗੁਰੂ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਹੈ ਜੋ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਪੱਤਰੇ (ਅੰਗ) ਖਿੱਲਰੇ ਪਾਏ ਗਏ ਹਨ ਉਹ ਪਿੰਡ ਜਲਾਲ ਦੇ ਕਿਸੇ ਵੀ ਗੁਰਦੁਆਰਾ ਸਾਹਿਬ ‘ਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਹਨ, ਸਗੋਂ ਕਿਸੇ ਹੋਰ ਜਗ੍ਹਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ  ਪੱਤਰੇ (ਅੰਗ) ਲਿਆਂਦੇ ਗਏ ਹਨ।ਉਨ੍ਹਾਂ ਸਮੂਹ ਸਭਾ-ਸੁਸਾਇਟੀਆਂ, ਪੰਚਾਇਤਾਂ, ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਨਾਜ਼ੁਕ ਸਮੇਂ ਵਿੱਚ ਗੁਰੂ-ਘਰਾਂ ਦੀ ਰਖਵਾਲੀ ਯਕੀਨੀ ਬਣਾਈ ਜਾਵੇ ਤੇ ਹਰੇਕ ਗੁਰੂ-ਘਰ ਅੱਗੇ ਪਹਿਰੇ ਲਗਾਏ ਜਾਣ ਤਾਂ ਕਿ ਗੁਰੂ ਸਾਹਿਬ ਦੇ ਅੰਗਾਂ ਦੀ ਹੋ ਰਹੀ ਬੇਅਦਬੀ ਰੋਕੀ ਜਾ ਸਕੇ ਅਤੇ ਇਸ ਤਰ੍ਹਾਂ ਕਰਨ ਨਾਲ ਦੋਸ਼ੀ ਵੀ ਕਾਬੂ ਕਰਨ ਵਿੱਚ ਮਦਦ ਮਿਲੇਗੀ।ਉਨ੍ਹਾਂ ਕਿਹਾ ਕਿ ਇਸ ਦੁਖੀ ਦੀ ਘੜੀ ਵਿੱਚ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਸਿੱਖ ਸੰਗਤਾਂ ਦੇ ਨਾਲ ਹੈ।