ਗੁਰਦੁਆਰਾ ‘ਗੁਰੂਸਰ’ ਲੋਪੋ (ਮੋਗਾ)

ਗੁਰਦੁਆਰਾ ‘ਗੁਰੂਸਰ’ ਲੋਪੋ, ਗੁਰੂ ਹਰਿਗੋਬਿੰਦ ਸਾਹਿਬ ਦੀ ਆਮਦ ਦੀ ਯਾਦ ਵਿਚ ਸੁਭਾਇਮਾਨ ਹੈ। ਗੁਰੂ ਜੀ ਮਦੋਕਿਆਂ ਤੋਂ ਹੁੰਦੇ ਹੋਏ, ਮਾਲਵਾ ਪ੍ਰਚਾਰ ਫੇਰੀ ਸਮੇਂ ਇਥੇ ਆਏ ਅਤੇ ਪ੍ਰੇਮੀ ਗੁਰਸਿੱਖਾਂ ਪਾਸ ਦੋ ਦਿਨ ਰੁਕੇ। ਨਗਰ ਨਿਵਾਸੀਆਂ ਨੇ ਗੁਰੂ ਜੀ ਦਾ ਬਹੁਤ ਆਦਰ-ਸਤਿਕਾਰ ਕੀਤਾ ਅਤੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਯਾਦਗਾਰ ਦਾ ਨਿਰਮਾਣ ਕਰਵਾਇਆ। ਮਹਾਰਾਜਾ ਰਣਜੀਤ ਸਿੰਘ ਨੇ ਗੁਰੂ-ਘਰ ਦੇ ਨਾਮ ਕਾਫ਼ੀ ਸਾਰੀ ਜ਼ਮੀਨ ਜਗੀਰ ਦੇ ਰੂਪ ਵਿਚ ਲਾਈ। ਗੁਰੂ-ਘਰ ਦੇ ਨਾਲ ਸਰੋਵਰ ਹੋਣ ਕਰਕੇ ਨਾਮ ‘ਗੁਰੂਸਰ’ ਪ੍ਰਸਿੱਧ ਹੋਇਆ। ਗਿਆਨੀ ਇੰਦਰ ਸਿੰਘ ਦੇ ਉਦਮ ਸਦਕਾ 1960 ਈ: ਵਿਚ ਪ੍ਰੇਮੀ ਗੁਰਸਿੱਖਾਂ ਨੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ ਕਰਵਾਇਆ। ਇਸ ਅਸਥਾਨ ‘ਤੇ ਪਹਿਲਾਂ ਨਿਰਮਲੇ ਸਿੱਖ ਸੇਵਾ-ਸੰਭਾਲ ਕਰਦੇ ਸਨ, ਹੁਣ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਲੋਕਲ ਕਮੇਟੀ ਰਾਹੀਂ ਕਰਦੀ ਹੈ। ਇਸ ਅਸਥਾਨ ‘ਤੇ ਪਹਿਲੀ, ਪੰਜਵੀਂ, ਛੇਵੀਂ ਤੇ ਦਸਵੀਂ ਪਾਤਸ਼ਾਹੀਆਂ ਦੇ ਪ੍ਰਕਾਸ਼ ਗੁਰਪੁਰਬ ਤੇ ਸਾਲਾਨਾ ਜੋੜ ਮੇਲਾ ਹਰ ਸਾਲ 1 ਤੋਂ 3 ਅਗਸਤ ਨੂੰ ਮਨਾਇਆ ਜਾਂਦਾ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਸੁਚੱਜਾ ਹੈ। ਰਿਹਾਇਸ਼ ਵਾਸਤੇ ਵੀ 6 ਕਮਰੇ ਬਣੇ ਹੋਏ ਹਨ।

ਇਹ ਅਸਥਾਨ ਪਿੰਡ ਲੋਪੋ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਿਚ, ਮੋਗਾ ਰੇਲਵੇ ਸਟੇਸ਼ਨ ਤੋਂ 21 ਕਿਲੋਮੀਟਰ ਅਤੇ ਬੱਸ ਸਟੈਂਡ ਬਧਨੀ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਵਧੇਰੇ ਜਾਣਕਾਰੀ 01635 – 34483, 50169 ਫ਼ੋਨ ਨੰਬਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.