ਗੁਰਦੁਆਰਾ ‘ਗੁਰੂ ਕੀ ਢਾਬ’ ਮੱਤਾ (ਫਰੀਦਕੋਟ)

ਗੁਰਦੁਆਰਾ ‘ਗੁਰੂ ਕੀ ਢਾਬ’ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਯਾਦਗਾਰ ਵਜੋਂ ਸੁਭਾਇਮਾਨ ਹੈ। ਇਸ ਅਸਥਾਨ ‘ਤੇ ਗੁਰੂ ਗੋਬਿੰਦ ਸਿੰਘ ਜੀ ‘ਬਹਿਮੀ ਨਾਮੀ ਸਂਯਦ’ ਨੂੰ ਅੰਮ੍ਰਿਤ ਦੀ ਦਾਸ ਬਖ਼ਸ਼ਿਸ਼ ਕਰ, ਗੁਰੂ ਪਰਿਵਾਰ ਦਾ ਮੈਂਬਰ ਬਣਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਸੇਵਕਾਂ ਸਮੇਤ ਢਾਬ ਦੇ ਕੰਢੇ-ਦਰਖ਼ਤਾਂ ਦੇ ਹੇਠਾਂ ਕੁਝ ਸਮਾਂ ਨਿਵਾਸ ਕੀਤਾ। ਪਹਿਲਾਂ ਇਹ ਅਸਥਾਨ ‘ਦੋਦੇ ਦੇ ਤਾਲ’ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਪਰ ਗੁਰੂ ਜੀ ਦੀ ਆਮਦ ਤੋਂ ਬਾਅਦ ‘ਗੁਰੂ ਕੀ ਢਾਬ’ ਨਾਮ ਨਾਲ ਪ੍ਰਸਿੱਧ ਹੋਇਆ। ਗੁਰਦੁਆਰਾ ਸਾਹਿਬ ਦੇ ਨਾਲ ਇਕ ਅੱਠ ਕੋਨਾ ਸਰੋਵਰ ਹੈ, ਜਿਸ ਸਬੰਧੀ ਕੁਝ ਮਾਨਤਾਵਾਂ ਜੁੜੀਆਂ ਹੋਈਆਂ ਹਨ। ਗੁਰਦੁਆਰਾ ਸਾਹਿਬ ਦੀ 1991-96 ਈ: ਵਿਚ ਨਵੀਂ ਬਣੀ ਇਮਾਰਤ ਬਹੁਤ ਆਲੀਸ਼ਾਨ ਹੈ। ਸ਼੍ਰੋਮਣੀ ਗੁ:ਪ੍ਰ: ਕਮੇਟੀ ਵੱਲੋਂ ਨਾਲ ਪਬਲਿਕ ਸਕੂਲ ਚਲਾਇਆ ਜਾ ਰਿਹਾ ਹੈ। ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ। ਇਸ ਅਸਥਾਨ ‘ਤੇ ਪਹਿਲੀ, ਪੰਜਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਸਲਾਨਾ ਜੋੜ ਮੇਲਾ ਮਾਘ ਮਹੀਨੇ ਦੀ ਪਹਿਲੀ ਤਾਰੀਖ ਨੂੰ ਮਨਾਇਆ ਜਾਂਦਾ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਰਿਹਾਇਸ਼ ਵਾਸਤੇ 10 ਕਮਰੇ ਬਣੇ ਹੋਏ ਹਨ

ਇਹ ਅਸਥਾਨ ਪਿੰਡ ਮੱਤਾ, ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਵਿਚ ਰੇਲਵੇ ਸਟੇਸ਼ਨ ਕੋਟਕਪੂਰੇ ਤੋਂ 11 ਕਿਲੋਮੀਟਰ ਅਤੇ ਬੱਸ ਸਟੈਂਡ ਜੈਤੋਂ ਤੋਂ 5 ਕਿਲੋਮੀਟਰ ਦੂਰੀ ‘ਤੇ ਬਠਿੰਡਾ-ਜੈਤੋ-ਕੋਟਕਪੂਰਾ ਰੋਡ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.