ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਭਵਾਨੀਗੜ (ਸੰਗਰੂਰ)

ਨੌਵੇਂ ਪਾਤਸ਼ਾਹ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਲਵੇ ਦੀ ਪ੍ਰਚਾਰ ਫੇਰੀ ਸਮੇਂ ਆਪਣੇ ਨਿਕਟਵਰਤੀ ਗੁਰਸਿੱਖਾਂ ਸਮੇਤ ਆਲੋ-ਹਰਖ ਤੋਂ ਹੁੰਦੇ ਹੋਏ ਇਸ ਅਸਥਾਨ ਨੂੰ ਚਰਨ-ਛੋਹ ਬਖ਼ਸ਼ਿਸ਼ ਕਰ, ਪਵਿੱਤਰ ਕੀਤਾ । ਗੁਰੂ ਜੀ ਇਸ ਅਸਥਾਨ ‘ਤੇ ਦੋ ਦਿਨ ਬਿਰਾਜੇ ਤੇ ਨਾਮ-ਬਾਣੀ ਦਾ ਪ੍ਰਚਾਰ ਕੀਤਾ । ਗੁਰੂ ਜੀ ਦੀ ਚਰਨ-ਛੋਹ ਪ੍ਰਾਪਤ ਧਰਤ ‘ਤੇ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰੀ ਗੁਰਦੁਆਰਾ ਤਿਆਰ ਕਰਵਾਇਆ । 1916 ਈ: ਵਿਚ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਨਵ-ਉਸਾਰੀ ਕੀਤੀ ਗਈ । ਇਸ ਗੁਰ-ਅਸਥਾਨ ‘ਤੇ ਪਹਿਲੀ, ਨੌਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ, ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਤੇ ਸਾਲਾਨਾ ਜੋੜ ਮੇਲਾ 19-20 ਕੱਤਕ ਨੂੰ ਮਨਾਇਆ ਜਾਂਦਾ ਹੈ । ਨਜ਼ਦੀਕ ਹੀ ਇਤਿਹਾਸਕ ਗੁਰਦੁਆਰਾ ਆਲੋ-ਹਰਖ ਦੇਖਣਯੋਗ ਹੈ ।

ਭਵਾਨੀਗੜ੍ਹ ਪਟਿਆਲਾ-ਸੰਗਰੂਰ ਰੂਟ ‘ਤੇ ਸੰਗਰੂਰ ਜ਼ਿਲ੍ਹੇ ਦਾ ਪ੍ਰਮੁੱਖ ਕਸਬਾ ਹੈ, ਜੋ ਪਟਿਆਲਾ ਤੋਂ 36 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸੰਗਰੂਰ ਤੋਂ 20 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ । ਗੁਰਦੁਆਰਾ ਸਾਹਿਬ ਭਵਾਨੀਗੜ੍ਹ ਬੱਸ ਸਟੈਂਡ ਤੋਂ ਡੇਢ ਕਿਲੋਮੀਟਰ ਦੀ ਦੂਰੀ ‘ਤੇ ਸੁਭਾਇਮਾਨ ਹੈ । ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ । ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ । ਵਧੇਰੇ ਜਾਣਕਾਰੀ 01672-70313 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.