ਗੁਰਦੁਆਰਾ ‘ਗੁਰੂ ਸਰ’ ਨਿਥਾਣਾ (ਬਠਿੰਡਾ)

ਗੁਰਦੁਆਰਾ ‘ਗੁਰੂ ਸਰ’ ਨਿਥਾਣਾ, ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਪਵਿੱਤਰ ਧਰਤ ‘ਤੇ ਸੁਭਾਇਮਾਨ ਹੈ। ਗੁਰੂ ਹਰਿਗੋਬਿੰਦ ਸਾਹਿਬ ਮਾਲਵਾ ਪ੍ਰਚਾਰ-ਫੇਰੀ ਸਮੇਂ ਦਸੰਬਰ, 1634 ਈ: ਵਿਚ ਗੁਰੂ ਘਰ ਦੇ ਪ੍ਰੀਤਵਾਨ, ਗੁਰੂ ਨਾਨਕ ਨਾਮ-ਲੇਵਾ ਕਾਲੂ ਨਾਥ ਨੂੰ ਮਿਲਣ ਗਏ ਅਤੇ ਇਕ ਰਾਤ ਨਿਵਾਸ ਕੀਤਾ। ਕਾਲੂ ਨਾਥ ਨੇ ਗੁਰੂ ਹਰਿਗੋਬਿੰਦ ਸਾਹਿਬ ਤੇ ਮੁਗਲੀਆ ਫ਼ੌਜ ਵਿਚ ਹੋਏ ਮਹਿਰਾਜ ਯੁੱਧ ਸਮੇਂ ਗੁਰੂ ਸਾਹਿਬ ਜੀ ਵੱਲੋਂ ਹਿੱਸਾ ਲਿਆ, ਅਤੇ ਗੁਰੂ ਜੀ ਦੀ ਬਹੁਤ ਟਹਿਲ-ਸੇਵਾ ਤੇ ਸਹਾਇਤਾ ਕੀਤੀ। ਗੁਰੂ ਜੀ ਇਥੋਂ ਕਾਂਗੜ ਨੂੰ ਚਲੇ ਗਏ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ‘ਮੰਜੀ ਸਾਹਿਬ’ ਦਾ ਨਿਰਮਾਣ ਕਰਵਾਇਆ। ਗੁਰਦੁਆਰਾ ਸਾਹਿਬ ਦੇ ਨਜ਼ਦੀਕ ਸਰੋਵਰ ਬਣਨ ਕਰਕੇ ਨਾਮ ‘ਗੁਰੂਸਰ’ ਪ੍ਰਸਿੱਧ ਹੋਇਆ। 1957 ਈ: ਵਿਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਉਸਾਰੀ ਗਈ। 1995 ਈ: ਵਿਚ ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਦੀ ਥਾਂ ਵਿਸ਼ਾਲ ਇਮਾਰਤ ਦੀ ਨਵ-ਉਸਾਰੀ ਸ਼ੁਰੂ ਕੀਤੀ ਗਈ। ਇਸ ਅਸਥਾਨ ‘ਤੇ ਪਹਿਲੀ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਪੰਚਮ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ । ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰ: ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਹੈ।

ਇਹ ਇਤਿਹਾਸਕ ਅਸਥਾਨ ਪਿੰਡ ਨਿਥਾਣਾ, ਤਹਿਸੀਲ ਨਿਥਾਣਾ, ਜ਼ਿਲ੍ਹਾ ਬਠਿੰਡਾ ਵਿਚ ਰੇਲਵੇ ਸਟੇਸ਼ਨ ਭੁੱਚੋ ਮੰਡੀ ਤੋਂ 13 ਕਿਲੋਮੀਟਰ ਅਤੇ ਬੱਸ ਸਟੈਂਡ ਨਿਥਾਣਾ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਭਗਤਾ-ਬਠਿੰਡਾ ਰੋਡ ‘ਤੇ ਸਥਿਤ ਹੈ।

 

 

Gurdwara Text Courtesy :- Dr. Roop Singh, Secretary S.G.P.C.