ਗੁਰਦੁਆਰਾ ‘ਗੋਬਿੰਦਗੜ੍ਹ’ ਰਾਣਵਾਂ (ਫਤਹਿਗੜ੍ਹ ਸਾਹਿਬ)

ਗੁਰਦੁਆਰਾ ‘ਗੋਬਿੰਦਗੜ੍ਹ’ ਰਾਣਵਾਂ, ਮੀਰੀ-ਪੀਰੀ ਦੇ ਮਾਲਕ, ਗੁਰੂ ਹਰਿਗੋਬਿੰਦ ਸਾਹਿਬ ਤੇ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਧਰਤ ‘ਤੇ ਸੁਭਾਇਮਾਨ ਹੈ। ਗੁਰੂ ਹਰਿਗੋਬਿੰਦ ਸਾਹਿਬ 1634 ਈ: ਵਿਚ ਮਹਿਰਾਜ ਦੀ ਜੰਗ ਜਿਤਣ ਉਪਰੰਤ ਕੀਰਤਪੁਰ ਨੂੰ ਵਾਪਸੀ ਸਮੇਂ ਕੁਝ ਸਮੇਂ ਲਈ ਇਥੇ ਠਹਿਰੇ। ਕਿਹਾ ਜਾਂਦਾ ਹੈ ਕਿ ਕਹਿਲੂਰ ਦਾ ਰਾਜਾ ਤਾਰਾ ਚੰਦ ਇਥੇ ਹੀ ਗੁਰੂ ਜੀ ਦੀ ਸ਼ਰਨ ਵਿਚ ਆਇਆ ਤੇ ਕਹਿਲੂਰ ਜਾਣ ਲਈ ਬੇਨਤੀ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਕੁਰਕੁਸ਼ੇਤਰ ਤੋਂ ਅਨੰਦਪੁਰ ਨੂੰ ਵਾਪਸੀ ਸਮੇਂ 1702-03 ਈ: ਵਿਚ ਪ੍ਰੇਮੀ ਗੁਰਸਿੱਖਾਂ ਵੱਲੋਂ ਯਾਦਗਾਰ ਵਜੋਂ ਗੁਰਦੁਆਰੇ ਦਾ ਨਿਰਮਾਣ ਕਰਵਾਇਆ ਗਿਆ। ਮਹਾਰਾਜਾ ਕਰਮ ਸਿੰਘ ਪਟਿਆਲੇ ਵਾਲੇ (1798-1845 ਈ:) ਨੇ ਨਵੀਂ ਇਮਾਰਤ ਤਿਆਰ ਕਰਵਾਈ ਤੇ ਕਾਫੀ ਸਾਰੀ ਜਗੀਰ ਗੁਰਦੁਆਰੇ ਨੂੰ ਭੇਂਟ ਕੀਤੀ। ਆਧੁਨਿਕ ਛੇ ਮੰਜ਼ਲੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਅਸਥਾਨ ‘ਤੇ ਪਹਿਲੀ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਇਸ ਅਸਥਾਨ ਦਾ ਪਹਿਲਾਂ ਪ੍ਰਬੰਧ ਪਿਤਾਪੁਰਖੀ ਮਹੰਤਾਂ ਪਾਸ ਸੀ, ਹੁਣ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਪਾਸ ਹੈ।

ਇਹ ਇਤਿਹਾਸਕ ਅਸਥਾਨ ਪਿੰਡ ਰਾਣਵਾਂ, ਡਾਕਘਰ ਸੰਘੋਲ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਲੁਧਿਆਣਾ ਤੋਂ ਚੰਡੀਗੜ੍ਹ ਰੋਡ ‘ਤੇ ਖਮਾਣੋਂ ਤੋਂ ਤਿੰਨ ਕਿਲੋਮੀਟਰ ਅਤੇ ਸਰਹਿੰਦ-ਨੰਗਲ ਰੇਲਵੇ ਲਾਈਨ ‘ਤੇ ਮੁਰਿੰਡਾ ਰੇਲਵੇ ਸਟੇਸ਼ਨ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.