ਗੁਰਦੁਆਰਾ ਚਰਨਕੰਵਲ ਸਾਹਿਬ ਪਾ: ਛੇਵੀਂ, ਜੀਦੋਵਾਲ (ਬੰਗਾ)

ਗੁਰਦੁਆਰਾ ਚਰਨਕੰਵਲ ਸਾਹਿਬ ਪਾ: ਛੇਵੀਂ, ਜੀਦੋਵਾਲ (ਬੰਗਾ), ਛੇਵੀਂ ਪਾਤਸ਼ਾਹੀ ਗੁਰੂ ਹਰਿਗੋਬਿੰਦ ਸਾਹਿਬ ਦੀ ਪਾਵਨ-ਪਵਿੱਤਰ ਯਾਦ ਵਿਚ ਸੁਭਾਇਮਾਨ ਹੈ। ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਦੀ ਇਤਿਹਾਸਕ ਲੜਾਈ ਤੋਂ ਉਪਰੰਤ ਫਗਵਾੜੇ ਤੋਂ ਕੀਰਤਪੁਰ ਸਾਹਿਬ ਜਾਣ ਸਮੇਂ ਇਥੇ ਕੁਝ ਸਮੇਂ ਲਈ ਰੁਕੇ ਸਨ। ਗੁਰੂ ਜੀ ਦਾ ਸੁਹੇਲਾ ਘੋੜਾ ਬਿਮਾਰ ਹੋ ਗਿਆ ਸੀ, ਜਿਸ ਦਾ ਇਲਾਜ ਵੀ ਇਥੇ ਰਹਿ ਕੇ ਕਰਵਾਇਆ। ਨਗਰ ਨਿਵਾਸੀਆਂ ਨੇ ਗੁਰੂ ਜੀ ਤੇ ਗੁਰਸਿੱਖਾਂ ਦੀ ਖੂਬ ਟਹਿਲ ਸੇਵਾ ਕੀਤੀ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੇ ਮੁਬਾਰਕ ਚਰਨ ਇਥੇ ਪਾਏ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ। ਸ਼ੇਰੇ ਪੰਜਾਬ, ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਇਸ ਇਤਿਹਾਸਕ ਅਸਥਾਨ ‘ਤੇ ਸੁੰਦਰ ਦਰਬਾਰ ਹਾਲ ਤੇ ਰਹਾਇਸ਼ੀ ਕਮਰਿਆਂ ਦੀ ਉਸਾਰੀ ਕਰਵਾਈ। ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਪਹਿਲਾਂ ਉਦਾਸੀ ਸਾਧੂ ਕਰਦੇ ਸਨ। ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ 1940 ਈ: ਵਿਚ ਸੰਪੂਰਨ ਹੋਈ। ਗੁਰਦੁਆਰਾ ਸਾਹਿਬ ਦੇ ਨਾਲ ਸੁੰਦਰ ਸਰੋਵਰ ਹੈ ਜਿਸ ਦੀ ਸੇਵਾ ਸਰਦਾਰ ਧੰਨਾ ਸਿੰਘ ਦੀ ਸਪੁੱਤਰੀ ਨੇ ਕਰਵਾਈ। ਗੁਰਦੁਆਰਾ ਸਾਹਿਬ ਸਾਹਮਣੇ ਸੁੰਦਰ ਪਾਰਕ ਬਣੀ ਹੋਈ ਹੈ। ਹਰ ਸਾਲ ੨੧ ਹਾੜ ਨੂੰ ਸਾਲਾਨਾ ਜੋੜ-ਮੇਲਾ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ, ਖਾਲਸਾ ਦਾ ਸਾਜਨਾ ਦਿਹਾੜਾ ਅਤੇ ਵਿਸਾਖੀ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਹਰ ਦੇਸੀ ਮਹੀਨੇ ਦੀ ਪਹਿਲੀ ਤਰੀਕ ਅਤੇ ਗੁਰਪੁਰਬਾਂ ਸਮੇਂ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਯਾਤਰੂਆਂ ਦੀ ਟਹਿਲ ਸੇਵਾ ਵਾਸਤੇ ਲੰਗਰ, ਰਹਾਇਸ਼ ਆਦਿ ਦਾ ਸੁਚੱਜਾ ਪ੍ਰਬੰਧ ਹੈ। ਰਹਾਇਸ਼ ਵਾਸਤੇ 6 ਕਮਰੇ ਬਣੇ ਹੋਏ ਹਨ। ਪ੍ਰਬੰਧ, ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਹੈ। ਵਧੇਰੇ ਜਾਣਕਾਰੀ 01823-60144 ਫੋਨ ਨੰਬਰ ‘ਤੇ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.