ਗੁਰਦੁਆਰਾ ਚੋਲਾ ਸਾਹਿਬ, ਘੁਡਾਣੀ ਕਲਾਂ (ਲੁਧਿਆਣਾ)

ਘੁਡਾਣੀ ਕਲਾਂ, ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਦੋ ਗੁਰਦੁਆਰੇ ਸੁਭਾਇਮਾਨ ਹਨ- ਗੁਰਦੁਆਰਾ ਚੋਲਾ ਸਾਹਿਬ ਤੇ ਗੁਰਦੁਆਰਾ ਨਿੰਮਸਰ । ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਆਪਣੇ ਪ੍ਰੇਮੀ ਗੁਰਸਿੱਖ ਤੇ ਖੇਤਰੀ ਪ੍ਰਚਾਰਕ ਭਾਈ ਸੂਰਤੀਏ ਨੂੰ ਹੋਲੀਆਂ ਦੇ ਆਖਰੀ ਦਿਨ 21 ਫਰਵਰੀ, 1632 ਈ: ਵਿਚ ਮਿਲਣ ਆਏ। ਕਿਹਾ ਜਾਂਦਾ ਹੈ ਕਿ ਗੁਰੂ ਜੀ ਨੇ ਭਾਈ ਸੂਰਤੀਏ ਦੇ ਘਰ 45 ਦਿਨ ਨਿਵਾਸ ਕਰ, ਇਲਾਕੇ ਵਿਚ ਨਾਮ-ਬਾਣੀ ਦਾ ਪ੍ਰਵਾਹ ਚਲਾਇਆ। ਭਾਈ ਸੂਰਤੀਏ ਦੀ ਟਹਿਲ-ਸੇਵਾ, ਸਿੱਖੀ ਸ਼ਰਧਾ ਭਾਵਨਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਉਸ ਨੂੰ ਇਤਿਹਾਸਕ 52 ਕਲੀਆਂ ਵਾਲਾ ਚੋਲਾ ਤੇ ਗੁਰਬਾਣੀ ਦੀ ਪਾਵਨ ਪੋਥੀ ਯਾਦ ਵਜੋਂ ਬਖਸ਼ਿਸ਼ ਕੀਤੇ ਜੋ ਅੱਜ ਵੀ ਪ੍ਰੇਮੀ ਗੁਰਸਿੱਖਾਂ ਦੇ ਦਰਸ਼ਨਾਂ ਵਾਸਤੇ ਸੰਭਾਲੇ ਹੋਏ ਹਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਗੁਰਸਿੱਖਾਂ ਵੱਲੋਂ ਯਾਦਗਾਰੀ ਗੁਰਦੁਆਰੇ ਕਾਇਮ ਕੀਤੇ ਗਏ। ਕੁਝ ਸਮਾਂ ਇਨ੍ਹਾਂ ਗੁਰਦੁਆਰਿਆਂ ‘ਤੇ ਰਾਮਰਾਈਏ ਗੁਰੂ ਨਿੰਦਕ ਮਸੰਦਾਂ ਦਾ ਵੀ ਕਬਜ਼ਾ ਰਿਹਾ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ 1710 ਈ: ਵਿਚ ਘੁਡਾਣੀ ਕਲਾਂ ‘ਤੇ ਹਮਲਾ ਕਰਕੇ ਫਤਹਿ ਹਾਸਲ ਕੀਤੀ ਤੇ ਗੁਰੂ-ਅਸਥਾਨਾਂ ਦੀ ਸੇਵਾ-ਸੰਭਾਲ ਭਾਈ ਬਲਾਕੀ ਸਿੰਘ ਨੂੰ ਸੌਂਪੀ। 1958 ਈ: ਵਿਚ ਗੁਰਦੁਆਰੇ ਦੀ ਇਮਾਰਤ ਦਾ ਵਿਸਥਾਰ ਕੀਤਾ ਗਿਆ। ਇਨ੍ਹਾਂ ਇਤਿਹਾਸਕ ਅਸਥਾਨਾਂ ਦਾ ਪ੍ਰਬੰਧ ਲੋਕਲ ਕਮੇਟੀ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਪਾਸ ਹੈ।

ਇਸ ਇਤਿਹਾਸਕ ਅਸਥਾਨ ‘ਤੇ ਪਹਿਲੀ-ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਹੋਲਾ- ਮਹੱਲਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਆਏ ਯਾਤਰੂਆਂ ਦੀ ਰਿਹਾਇਸ਼, ਟਹਿਲ-ਸੇਵਾ ਦਾ ਸੁਚੱਜਾ ਪ੍ਰਬੰਧ ਹੈ।

ਪਿੰਡ ਘੁਡਾਣੀ ਕਲ੍ਹਾਂ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਵਿਚ ਖੰਨਾ ਤੋਂ ਅਹਿਮਦਗੜ੍ਹ ਰੋਡ ‘ਤੇ ਲੁਧਿਆਣਾ ਰੇਲਵੇ ਸਟੇਸ਼ਨ ਤੋਂ 35 ਕਿਲੋਮੀਟਰ ਅਤੇ ਦੋਰਾਹੇ ਰੇਲਵੇ ਸਟੇਸ਼ਨ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.