ਗੁਰਦੁਆਰਾ ਛੇਹਰਟਾ ਸਾਹਿਬ, ਪਾਤਸ਼ਾਹੀ ਛੇਵੀਂ

ਗੁਰੂ ਵਰਸੋਏ ਪਵਿੱਤਰ ਪਾਵਨ ਇਤਿਹਾਸਕ ਸ਼ਹਿਰ ਸ੍ਰੀ ਅੰਮ੍ਰਿਤਸਰ ਦੀ ਹਦੂਦ ਅੰਦਰ ਹੀ ਹੈ, ਧਾਰਮਿਕ-ਸਮਾਜਿਕ-ਇਤਿਹਾਸਕ ਮਹੱਤਤਾ ਵਾਲਾ ਨਗਰ ‘ਛੇਹਰਟਾ’।   ਪ੍ਰਿਥੀ ਚੰਦ ਦੇ ਨਿੱਤ ਦੇ ਕਲੇਸ਼ ਨੂੰ ਖਤਮ ਕਰਨ ਲਈ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਕੁਝ ਸਮਾਂ ‘ਗੁਰੂ ਕੀ ਵਡਾਲੀ’ ਵਿਖੇ ਪਰਿਵਾਰ ਸਮੇਤ ਨਿਵਾਸ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਸ ਸੁਹਾਵੀ ਧਰਤ ‘ਤੇ ਹੀ 21 ਹਾੜ, ਸੰਮਤ 1652 (ਜੂਨ, 1595) ਨੂੰ ਪ੍ਰਗਟ ਹੋਏ ਤੇ ਇਥੇ ਹੀ ਉਨ੍ਹਾਂ ਦੀ ਬਾਲ ਵਰੇਸ ਪ੍ਰਵਾਨ ਚੜ੍ਹੀ।

ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਗੁਰੂ ਕੀ ਵਡਾਲੀ’ ਦੇ ਨਜ਼ਦੀਕ , ਸੰਗਤਾਂ ਦੀ ਮੰਗ ਨੂੰ ਸਨਮੁੱਖ ਰੱਖਦਿਆਂ ਪਾਣੀ ਦੀ ਘਾਟ ਨੂੰ ਪੂਰਿਆਂ ਕਰਨ ਲਈ ਸੰਮਤ 1654 ਬਿਕਰਮੀ (1597 ਈ:) ਵਿਚ ਬਹੁਤ ਚੌੜੇ ਖੂਹ ਦਾ ਨਿਰਮਾਣ ਕਰਵਾਇਆ, ਜਿਸ ਵਿਚ ਛੇ-ਹਰਟ ਇਕ ਸਮੇਂ ਚਲ ਸਕਦੇ ਸਨ। ਛੇ-ਹਰਟ ਚੱਲਣ ਕਰਕੇ ਹੀ ਛੇਹਰਟਾ ਨਗਰ ਆਬਾਦ ਹੋਇਆ। ਗੁਰੂ ਜੀ ਵੱਲੋਂ ਕੀਤ ਇਸ ਬਹੁ-ਉਪਕਾਰੀ ਕਾਰਜ ਦੀ ਯਾਦ ਵਿਚ ‘ਗੁਰਦੁਆਰਾ ਛੇਹਰਟਾ ਸਾਹਿਬ’ ਸੁਭਾਇਮਾਨ ਹੈ। ਗੁਰਦੁਆਰਾ ਛੇਹਰਟਾ ਸਾਹਿਬ ਦੀ ਪੁਰਾਤਨ ਇਮਾਰਤ ਦੀ ਥਾਂ ਨਵੀਂ ਇਮਾਰਤ ਦੀ ਉਸਾਰੀ ਮਈ, 1999 ਤੋਂ ਚਲ ਰਹੀ ਹੈ। ਛੇਹਰਟਾ ਕਸਬਾ ਹੁਣ ਸ੍ਰੀ ਅੰਮ੍ਰਿਤਸਰ ਨਾਲ ਇਕਮਿੱਕ ਹੋ ਚੁੱਕਾ ਹੈ।

ਸ੍ਰੀ ਅੰਮ੍ਰਿਤਸਰ ਤੋਂ ਲਾਹੌਰ ਦੇ ਰਾਹ ‘ਤੇ ਅੰਮ੍ਰਿਤਸਰ ਬੱਸ ਸਟੈਂਡ ਤੋਂ ਕੇਵਲ 8 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੈ ‘ਛੇਹਰਟਾ’, ਜੋ ਅੰੰਿਮ੍ਰਤਸਰ-ਲਾਹੌਰ ਰੇਲਵੇ ਸਟੇਸ਼ਨ ਦਾ ਪਹਿਲਾ ਸਟੇਸ਼ਨ ਹੈ। ਛੇਹਰਟਾ ਰੇਲਵੇ ਸਟੇਸ਼ਨ ਤੋਂ ਇਹ ਧਾਰਮਿਕ ਅਸਥਾਨ ਕੇਵਲ ½ ਕਿਲੋਮੀਟਰ ਤੇ ਬੱਸ ਸਟੈਂਡ ਛੇਹਰਟਾ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਹੈ।

ਗੁਰੂ ਸਾਹਿਬਾਨ ਦੇ ਆਗਮਨ ਗੁਰਪੁਰਬ ਵਿਸ਼ੇਸ਼ ਤੌਰ ‘ਤੇ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਮਨਾਏ ਜਾਂਦੇ ਹਨ। ਬਸੰਤ ਪੰਚਮੀ ਨੂੰ ਭਾਰੀ ਮੇਲਾ ਹੁੰਦਾ ਹੈ ਤੇ ਲੋਕ ਸਰੋਵਰ ਵਿਚ ਇਸ਼ਨਾਨ ਕਰਨ ਲਈ ਦੂਰੋਂ-2 ਆਉਂਦੇ ਹਨ।

ਇਸ ਧਾਰਮਿਕ ਅਸਥਾਨ ਦੇ ਨਜ਼ਦੀਕ ਹੀ ਗੁ: ਗੁਰੂ ਕੀ ਵਡਾਲੀ , ਗੁ: ਦਮਦਮਾ ਸਾਹਿਬ ਦਰਸ਼ਨ ਕਰਨ ਯੋਗ ਹਨ। ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਪ੍ਰਕਾਸ਼ਤ ਧਾਰਮਿਕ ਸਾਹਿਤ ਇਸ ਗੁਰਦੁਆਰਾ ਸਾਹਿਬ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

ਯਾਤਰੂਆਂ ਦੀ ਸਹੂਲਤ ਵਾਸਤੇ ਲੰਗਰ-ਪ੍ਰਸ਼ਾਦਿ- ਰਹਾਇਸ਼ ਦਾ ਪ੍ਰਬੰਧ ਸੁਚੱਜਾ ਹੈ। ਵਧੇਰੇ ਜਾਣਕਾਰੀ 0183-258147 ਫੋਨ ਨੰ: ਤੋਂ ਪ੍ਰਾਪਤ ਕਰੋ ਜੀ।

 

Gurdwara Text Courtesy :- Dr. Roop Singh, Secretary S.G.P.C.