ਗੁਰਦੁਆਰਾ ‘ਜੰਡਸਰ ਪਾ: ਦਸਵੀਂ’ ਪੱਕਾ ਕਲਾਂ (ਬਠਿੰਡਾ)

ਗੁਰਦੁਆਰਾ ‘ਜੰਡਸਰ ਪਾ: ਦਸਵੀਂ’, ਪੱਕਾ ਕਲਾਂ, ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਧਰਤ ‘ਤੇ ਸ਼ੁਭਾਇਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1706 ਈ: ਵਿਚ ਸਿੱਖ ਸੰਗਤਾਂ ਸਮੇਤ ਜੱਸੀ ਤੋਂ ਪੱਕਾ ਕਲਾਂ ਕੈਂਪ ਕੀਤਾ ਅਤੇ ਤਿੰਨ ਦਿਨ ਇਸ ਅਸਥਾਨ ‘ਤੇ ਨਿਵਾਸ ਕੀਤਾ। ਪੱਕਾ ਕਲਾਂ ਤੋਂ ਗੁਰੂ ਜੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰ ਕਾਇਮ ਕੀਤੀ । ਰਿਆਸਤ ਪਟਿਆਲਾ ਵੱਲੋਂ ਇਸ ਅਸਥਾਨ ਨੂੰ ਕਾਫੀ ਸਾਰੀ ਜ਼ਮੀਨ ਜਗੀਰ ਦੇ ਰੂਪ ਵਿਚ ਭੇਂਟ ਕੀਤੀ ਗਈ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਵੀ ਨਵੇਂ ਰੂਪ ਵਿਚ ਉਸਾਰੀ ਗਈ। 1925 ਈ: ਵਿਚ ਸਿੱਖ ਗੁਰਦੁਆਰਾ ਐਕਟ ਬਣਨ ਨਾਲ ਇਹ ਇਤਿਹਾਸਕ ਅਸਥਾਨ ਅਤੇ ਜਗੀਰ ਨਿੱਜੀ ਹੱਥਾਂ ਵਿਚ ਚਲੀ ਗਈ। ਦੇਸ਼ ਵੰਡ ਸਮੇਂ ਪੁਰਾਤਨ ਜੰਡ ਦੇ ਦਰਖਤ ਦੇ ਨਜ਼ਦੀਕ ਨਵੇਂ ਗੁਰਦੁਆਰੇ ਦੀ ਉਸਾਰੀ ਕਰਵਾਈ ਗਈ ਅਤੇ ਨਾਲ ਹੀ ਸਰੋਵਰ ਬਣਨ ਕਾਰਨ ਨਾਮ ਜੰਡ ਸਰ ਪ੍ਰਸਿੱਧ ਹੋਇਆ। ਗੁਰਦੁਆਰਾ ਸਾਹਿਬ ਦੀ ਬਣੀ ਬਹੁ-ਮੰਜ਼ਲੀ ਇਮਾਰਤ ਦੂਰ ਤੋਂ ਦਿਖਾਈ ਦਿੰਦੀ ਹੈ।

ਇਸ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ ਸੇਵਾ ਵਾਸਤੇ ਲੰਗਰ ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਰਿਹਾਇਸ਼ ਵਾਸਤੇ ਤਿੰਨ ਕਮਰੇ ਬਣੇ ਹੋਏ ਹਨ। ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਹ ਅਸਥਾਨ ਪਿੰਡ ਪੱਕਾ ਕਲਾਂ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਚ, ਬਠਿੰਡਾ ਰੇਲਵੇ ਸਟੇਸ਼ਨ ਤੋਂ 24 ਕਿਲੋਮੀਟਰ ਅਤੇ ਬੱਸ ਸਟੈਂਡ ਪੱਕਾ ਕਲਾਂ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਬਠਿੰਡਾ-ਪੱਕਾ ਰਾਮਾ ਰੋਡ ‘ਤੇ ਸਥਿਤ ਹੈ।

 

 

Gurdwara Text Courtesy :- Dr. Roop Singh, Secretary S.G.P.C.