ਗੁਰਦੁਆਰਾ ‘ਝਿੜਾ ਸਾਹਿਬ’ ਕਾਂਝਲਾ (ਸੰਗਰੂਰ)

ਗੁਰਦੁਆਰਾ ‘ਝਿੜਾ ਸਾਹਿਬ’ ਕਾਂਝਲਾ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ-ਛੋਹ ਪ੍ਰਾਪਤ ਧਰਤ ‘ਤੇ ਸੁਭਾਇਮਾਨ ਹੈ। ਗੁਰੂ ਹਰਿਗੋਬਿੰਦ ਸਾਹਿਬ ਨਾਨਕਿਆਣਾ ਸਾਹਿਬ (ਮੰਗੇਵਾਲ) ਤੋਂ ਇਥੇ ਆਏ ‘ਤੇ ਕੁਝ ਸਮਾਂ ਦਰਖ਼ਤਾਂ ਦੀ ਇਕ ਝਿੜੀ ਹੇਠ ਨਿਵਾਸ ਕੀਤਾ। ਪ੍ਰੇਮੀ ਗੁਰਸਿੱਖਾਂ ਨੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਯਾਦਗਾਰ ਦਾ ਨਿਰਮਾਣ ਕਰਵਾਇਆ। ਬਾਬਾ ਅਤਰ ਸਿੰਘ ਮਸਤੂਆਣਾ ਦੇ ਸੇਵਕ ਮਹੰਤ ਬਿਸ਼ਨ ਸਿੰਘ ਨੇ ਇਸ ਅਸਥਾਨ ‘ਤੇ ਸੁੰਦਰ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਆਮ ਲੋਕਾਂ ਦਾ ਵਿਸ਼ਵਾਸ ਹੈ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਆਪਣੇ ਮੁਬਾਰਕ ਚਰਨ ਇਸ ਅਸਥਾਨ ‘ਤੇ ਪਾਏ ਸਨ।

ਇਸ ਅਸਥਾਨ ‘ਤੇ ਪਹਿਲੀ, ਛੇਵੀਂ ਤੇ ਨੌਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਠੀਕ ਹੈ। ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਹ ਅਸਥਾਨ ਪਿੰਡ ਕਾਂਝਲਾ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ ਵਿਚ ਰੇਲਵੇ ਸਟੇਸ਼ਨ ਧੂਰੀ ਤੋਂ 15 ਕਿਲੋਮੀਟਰ ਦੀ ਦੂਰੀ ਬਰਨਾਲਾ-ਧੂਰੀ ਰੋਡ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.