ਗੁਰਦੁਆਰਾ ਟਾਹਲੀਆਣਾ ਸਾਹਿਬ, ਪਾਤਸ਼ਾਹੀ ਦਸਵੀਂ ਰਾਏ ਕੋਟ (ਲੁਧਿਆਣਾ)

ਗੁਰਦੁਆਰਾ ਟਾਹਲੀਆਣਾ ਸਾਹਿਬ, ਪਾਤਸ਼ਾਹੀ ਦਸਵੀਂ, ਰਾਏ ਕੋਟ, ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ-ਛੋਹ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ ਹੈ । ਰਾਏ ਕੋਟ ਦਾ ਸਰਦਾਰ, ਤਿਹਾੜੇ ਇਲਾਕੇ ਦਾ ਰਾਜਾ, ਰਾਏ ਕਲ੍ਹਾ (ਕਲ੍ਹਾ ਰਾਯ) ਗੁਰੂ ਗੋਬਿੰਦ ਸਿੰਘ ਜੀ ਦਾ ਕਦਰਦਾਨ ਪ੍ਰੇਮੀ ਸੇਵਕ ਸੀ । ਜਨਵਰੀ, 1705 ਈ: ਵਿਚ ਗੁਰੂ ਜੀ ਰਾਏ ਕਲ੍ਹੇ ਪਾਸ ਕੁਝ ਸਮੇਂ ਵਾਸਤੇ ਠਹਿਰੇ । ਰਾਏ ਕਲ੍ਹੇ ਨੇ ਆਪਣੇ ਚਰਵਾਹੇ ਨੂਰੇ ਮਾਹੀ ਨੂੰ ਸਰਹਿੰਦ ਭੇਜ ਕੇ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦ ਹੋਣ ਬਾਰੇ ਖ਼ਬਰ ਮੰਗਵਾਈ ਤੇ ਇਹ ਖਬਰ ਗੁਰਦੇਵ ਪਿਤਾ ਨੂੰ ਦਿੱਤੀ । ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਦੀ ਖਬਰ ਸੁਣਦਿਆਂ, ਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ, ਜ਼ੁਲਮੀ ਮੁਗ਼ਲ ਰਾਜ ਦੇ ਖ਼ਾਤਮੇ ਦੇ ਬਚਨ ਸੁਭਾਵਿਕ ਕਹੇ-ਜੋ ਪੂਰੇ ਹੋਏ । ਰਾਏ ਕਲ੍ਹੇ ਨੇ ਭੈ-ਭਾਵਨੀ ਨਾਲ ਗੁਰੂ ਜੀ ਦੀ ਟਹਿਲ-ਸੇਵਾ ਕੀਤੀ । ਗੁਰੂ ਜੀ ਨੇ ਰਾਏ ਕਲ੍ਹੇ ‘ਤੇ ਬਖਸ਼ਿਸ਼ ਕਰਦਿਆਂ, ਇਕ ਕ੍ਰਿਪਾਨ ਬਖਸ਼ਿਸ਼ ਕੀਤੀ ।

ਗੁਰੂ ਜੀ ਜਿਸ ਟਾਹਲੀ ਦੇ ਦਰਖ਼ਤ ਹੇਠ ਬਿਰਾਜਮਾਨ ਹੋਏ, ਉਹ ਧਰਤ ਸੁਹਾਵੀ ਪੂਜਣ ਯੋਗ ਹੋ ਗਈ । ਗੁਰੂ ਜੀ ਦੀ ਆਮਦ ਦੀ ਯਾਦ ਵਿਚ ਆਲੀਸ਼ਾਨ ਗੁਰਦੁਆਰਾ ਟਾਹਲੀਆਣਾ ਸਾਹਿਬ ਸੁਭਾਇਮਾਨ ਹੈ । ਯਾਦਗਾਰੀ ਗੁਰੂ ਦਰਬਾਰ ਦੀ ਸੇਵਾ ਪਹਿਲਾਂ ਸੰਤ ਮੱਘਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ । ਗੁਰਦੁਆਰਾ ਸਾਹਿਬ ਦੀ ਪੁਰਾਤਨ ਇਮਾਰਤ ਅਤਿ ਸੁੰਦਰ ਹੈ ।

ਇਹ ਪਾਵਨ ਪਵਿੱਤਰ ਅਸਥਾਨ ਰਾਏ ਕੋਟ (ਜ਼ਿਲ੍ਹਾ ਲੁਧਿਆਣਾ) ਵਿਚ, ਲੁਧਿਆਣਾ ਸ਼ਹਿਰ ਤੋਂ 40 ਕਿਲੋਮੀਟਰ ਦੂਰ, ਲੁਧਿਆਣਾ-ਬਰਨਾਲਾ ਸੜਕ ‘ਤੇ ਸਥਿਤ ਹੈ । ਬੱਸ ਸਟੈਂਡ ਰਾਏਕੋਟ ਤੋਂ ਕੇਵਲ 1/2 (ਅੱਧਾ) ਕਿਲੋਮੀਟਰ ਦੀ ਦੂਰੀ ‘ਤੇ ਹੈ ।

ਇਸ ਪਾਵਨ ਅਸਥਾਨ ‘ਤੇ ਪਹਿਲੀ, ਪੰਜਵੀਂ ਤੇ ਦਸਵੀਂ ਪਾਤਸ਼ਾਹੀ ਦੇ ਆਗਮਨ ਗੁਰਪੁਰਬ ‘ਤੇ 19-20-21 ਪੋਹ ਨੂੰ ਸਾਲਾਨਾ ਜੋੜ ਮੇਲਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ । ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਤੇ ਰਿਹਾਇਸ਼ ਦਾ ਸੁੱਚਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ 5 ਕਮਰੇ ਹਨ । ਵਧੇਰੇ ਜਾਣਕਾਰੀ 01624-64063 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

 

Gurdwara Text Courtesy :- Dr. Roop Singh, Secretary S.G.P.C.