ਗੁਰਦੁਆਰਾ ‘ਦਮਦਮਾ ਸਾਹਿਬ’ ਸ੍ਰੀ ਹਰਿਗੋਬਿੰਦਪੁਰ (ਗੁਰਦਾਸਪੁਰ)

ਦਰਿਆ ਬਿਆਸ ਦੇ ਕਿਨਾਰੇ, ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਮਤ 1644 ਬਿ: (1587 ਈ:) ਨੂੰ ਨਵਾਂ ਨਗਰ ਵਸਾਇਆ ਤੇ ਨਾਮ ‘ਗੋਬਿੰਦਪੁਰ’ ਰੱਖਿਆ। ਛੇਵੇਂ ਪਾਤਸ਼ਾਹ, ਗੁਰੂ ਹਰਿਗੋਬਿੰਦ ਸਾਹਿਬ ਧਰਮ ਪ੍ਰਚਾਰ ਕਰਦੇ ਹੋਏ ਸੰ: 1687 ਬਿ: ਨੂੰ ‘ਗਰਨਾ ਸਾਹਿਬ’ ਦੇ ਸਥਾਨ ਤੋਂ ਇਥੇ ਆਏ। ਗੁਰੂ ਹਰਿਗੋਬਿੰਦ ਸਾਹਿਬ ਦੀ ਆਮਦ ਕਰਕੇ ਨਗਰ ਦਾ ਨਾਮ ‘ਹਰਿਗੋਬਿੰਦਪੁਰ’ ਪ੍ਰਸਿੱਧ ਹੋਇਆ। ਇਸ ਇਲਾਕੇ ਦੇ ਹਾਕਮ (ਸ਼ਾਹੀ ਮਾਲ ਗੁਜ਼ਾਰ) ਭਗਵਾਨ ਦਾਸ ਘੇਰੜ ਨੇ ਜਾਤੀ ਹਊਮੇ ਕਰਕੇ ਗੁਰੂ ਜੀ ਨਾਲ ਝਗੜਾ ਸ਼ੁਰੂ ਕਰ ਦਿੱਤਾ ਤੇ ਆਪਣੀ ਮਦਦ ਲਈ ਜਲੰਧਰ ਦੇ ਫ਼ੌਜਦਾਰ ਨੂੰ ਬੁਲਾਇਆ। ਗੁਰਦੁਆਰਾ ‘ਦਮਦਮਾ ਸਾਹਿਬ’ ਦੇ ਅਸਥਾਨ ‘ਤੇ ਜਲੰਧਰ ਦੇ ਫ਼ੌਜਦਾਰ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਯੋਧਿਆਂ ਦਰਮਿਆਨ ਜੰਗ ਹੋਇਆ। ਫਤਹਿ ਗੁਰੂ ਜੀ ਨੂੰ ਪ੍ਰਾਪਤ ਹੋਈ। ਯੁੱਧ ਅਸਥਾਨ ‘ਤੇ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰ ਵਜੋਂ ਗੁਰਦੁਆਰੇ ਦੀ ਉਸਾਰੀ ਕਰਵਾਈ। ਗੁਰਦੁਆਰਾ ਸਾਹਿਬ ਦੇ ਅਸਥਾਨ ‘ਤੇ ਬਹੁ-ਮੰਜ਼ਲੀ ਇਮਾਰਤ ਦੀ ਉਸਾਰੀ ਹੋ ਰਹੀ ਹੈ, ਨਾਲ ਸਰੋਵਰ ਵੀ ਬਣਿਆ ਹੋਇਆ ਹੈ। ਇਸ ਅਸਥਾਨ ਦਾ ਪ੍ਰਬੰਧ ਲੋਕਲ ਕਮੇਟੀ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ, ਹੁਣ ਸੇਵਾ-ਸੰਭਾਲ ਨਿਹੰਗ ਸਿੰਘ ਕਰ ਰਹੇ ਹਨ। ਨਗਰ ਹਰਿਗੋਬਿੰਦਪੁਰ ਵਿਚ ਗੁਰੂ ਅਰਜਨ ਦੇਵ ਜੀ ਦੇ ਨਿਵਾਸ ਅਸਥਾਨ ‘ਤੇ ਗੁਰਦੁਆਰਾ ‘ਗੁਰੂ ਕੇ ਮਹਿਲ’ ਦੇਖਣ ਯੋਗ ਹੈ। ਇਸ ਇਤਿਹਾਸਕ ਅਸਥਾਨ ‘ਤੇ ਪਹਿਲੀ ਪਾਤਸ਼ਾਹੀ ਤੇ ਛੇਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਖਾਲਸੇ ਦਾ ਸਾਜਣਾ ਦਿਹਾੜਾ ਵਿਸਾਖੀ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਰਿਹਾਇਸ਼ ਵਾਸਤੇ 10 ਕਮਰੇ ਬਣੇ ਹੋਏ ਹਨ। ਇਹ ਅਸਥਾਨ ਇਤਿਹਾਸਕ ਨਗਰ ਸ੍ਰੀ ਹਰਿਗੋਬਿੰਦਪੁਰ, ਤਹਿਸੀਲ ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਵਿਚ ਬਟਾਲਾ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਮਹਿਤਾ-ਹਰਿਗੋਬਿੰਦਪੁਰ ਰੋਡ ‘ਤੇ ਸਥਿਤ ਹੈ। ਸੜਕੀ ਮਾਰਗ ਰਾਹੀਂ ਗੁਰਦਾਸਪੁਰ, ਬਟਾਲਾ-ਮਹਿਤਾ ਨਾਲ ਜੁੜਿਆ ਹੋਇਆ ਹੈ।

 

Gurdwara Text Courtesy :- Dr. Roop Singh, Secretary S.G.P.C.