ਗੁਰਦੁਆਰਾ ਦੇਗਸਰ ਸਾਹਿਬ, ਕਟਾਣਾ (ਲੁਧਿਆਣਾ)

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਆਮਦ ਦੀ ਯਾਦ ਵਿਚ ਸੁਸ਼ੋਭਿਤ ਹੈ, ਗੁਰਦੁਆਰਾ ਦੇਗਸਰ ਸਾਹਿਬ, ਕਟਾਣਾ। ਗੁਰੂ ਜੀ ਮਾਛੀਵਾੜੇ ਤੋਂ ਉਚ ਦੇ ਪੀਰ ਦੇ ਰੂਪ ਵਿਚ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਨਬੀ ਖਾਨ ਤੇ ਭਾਈ ਗਨੀ ਖਾਂ ਦੇ ਸੰਗ-ਸਾਥ ਆਲਮਗੀਰ ਨੂੰ ਜਾਣ ਸਮੇਂ ਕੁਝ ਸਮੇਂ ਇਥੇ ਬਿਰਾਜੇ ਸਨ । ਮਨੌਤ ਹੈ ਕਿ ਗੁਰਦੇਵ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇਥੇ ‘ਦੇਗ’ ਵਰਤਾਈ, ਜਿਸ ਤੋਂ ਇਸ ਗੁਰ-ਅਸਥਾਨ ਦਾ ਨਾਂ ‘ਦੇਗਸਰ ਸਾਹਿਬ’ ਪ੍ਰਸਿੱਧ ਹੋਇਆ । ਕਿਹਾ ਜਾਂਦਾ ਹੈ ਕਿ ਇਸ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਪਾਤਸ਼ਾਹ ਨੇ ਵੀ ਇਥੇ ਚਰਨ ਪਾਏ ਸਨ ।

ਗੁਰਦੁਆਰਾ ਦੇਗਸਰ ਸਾਹਿਬ, ਪਿੰਡ ਕਟਾਣਾ, ਡਾਕਘਰ ਕੁੱਬੇ, ਤਹਿਸੀਲ-ਜ਼ਿਲ੍ਹਾ ਲੁਧਿਆਣਾ ਵਿਚ ਹੈ। ਇਹ ਪਵਿੱਤਰ ਅਸਥਾਨ ਲੁਧਿਆਣਾ-ਅੰਬਾਲਾ-ਦਿੱਲੀ ਸੜਕ ‘ਤੇ ਦੋਰਾਹਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਸਰਹਿੰਦ ਨਹਿਰ ਦੇ ਕਿਨਾਰੇ ‘ਤੇ ਬਹੁਤ ਹੀ ਰਮਣੀਕ ਸਥਾਨ ‘ਤੇ ਸਥਿਤ ਹੈ । ਲੁਧਿਆਣਾ-ਚੰਡੀਗੜ੍ਹ ਰੋਡ ‘ਤੇ ਨੀਲੋ-ਦੋਰਾਹਾ ਲਿੰਕ ਸੜਕ ਵੀ ਹੈ । ਇਤਿਹਾਸਕ ਗੁਰਦੁਆਰਾ ਰੇਰੂ ਸਾਹਿਬ ਇਥੋਂ ਕੇਵਲ 3 ਕਿਲੋਮੀਟਰ ਦੂਰ ਹੈ । ਇਸ ਇਤਿਹਾਸਕ ਅਸਥਾਨ ‘ਤੇ ਪਾਤਸ਼ਾਹ ਛੇਵੀਂ ਤੇ ਦਸਵੀਂ ਦੇ ਆਗਮਨ ਗੁਰਪੁਰਬ ਤੇ ਵੈਸਾਖੀ ਵਿਸ਼ੇਸ਼ ਤੌਰ ‘ਤੇ ਮਨਾਏ ਜਾਂਦੇ ਹਨ । ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਰਿਹਾਇਸ਼ ਅਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਠੀਕ ਹੈ । ਵਧੇਰੇ ਜਾਣਕਾਰੀ 0161-833834 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ।

 

Gurdwara Text Courtesy :- Dr. Roop Singh, Secretary S.G.P.C.