ਗੁਰਦੁਆਰਾ ‘ਨੌ ਲੱਖਾ’ ਪਾਤਸ਼ਾਹੀ ਨੌਵੀਂ’ (ਫਤਹਿਗੜ੍ਹ ਸਾਹਿਬ)

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ-ਛੋਹ ਪ੍ਰਾਪਤ ਧਰਤ ਸੁਹਾਵੀ ‘ਤੇ ਸੁਭਾਇਮਾਨ ਹੈ, ਗੁਰਦੁਆਰਾ, ‘ਨੌ ਲੱਖਾ’ ਪਾਤਸ਼ਾਹੀ ਨੌਵੀਂ, (ਫਤਹਿਗੜ੍ਹ ਸਾਹਿਬ) ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਤੇ ਪ੍ਰਮੁੱਖ ਸਿੱਖਾਂ ਸਮੇਤ ਮਾਲਵਾ ਪ੍ਰਚਾਰ ਫੇਰੀ ਸਮੇਂ ਇਥੇ ਆਏ ਅਤੇ ਦੁਪਹਿਰ ਵਿਸ਼ਰਾਮ ਕੀਤਾ। ਇਕ ਵਣਜਾਰੇ ਗੁਰਸਿੱਖ ਨੇ ਗੁਰੂ ਜੀ ਨੂੰ 9 ਮਨਸੂਰੀ ਟਕੇ ਭੇਂਟ ਕੀਤੇ। ਗੁਰੂ ਜੀ ਨੇ ਸੁਭਾਵਿਕ ਕਿਹਾ, ਕਿ ਇਹ ‘ਨੌ ਲੱਖ’ ਬਰਾਬਰ ਹਨ ਜਿਸ ਤੋਂ ਇਸ ਅਸਥਾਨ ਦਾ ਨਾਮ ‘ਨੌ ਲੱਖਾ’ ਪ੍ਰਸਿੱਧ ਹੋਇਆ। ਪ੍ਰੇਮੀ ਗੁਰਸਿੱਖਾਂ ਨੇ ਗੁਰੂ ਜੀ ਦੀ ਯਾਦ ਵਿਚ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਪਹਿਲਾਂ ਇਸ ਅਸਥਾਨ ਦਾ ਪ੍ਰਬੰਧ ਪਿਤਾਪੁਰਖੀ ਮਹੰਤਾਂ ਪਾਸ ਸੀ, ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਪਾਸ ਆਇਆ। 1934 ਈ. ਵਿਚ ਗੁਰਦੁਆਰੇ ਦੀ ਨਵ ਉਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ।

ਇਸ ਅਸਥਾਨ ‘ਤੇ ਪਹਿਲੀ-ਪੰਜਵੀਂ, ‘ਨੌਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਨੌਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਤੇ ਵਿਸਾਖੀ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ। ਇਹ ਇਤਿਹਾਸਕ ਅਸਥਾਨ ਸਰਹਿੰਦ-ਪਟਿਆਲਾ ਰੋਡ ‘ਤੇ ਰੁੜਕੀ ਬੱਸ ਸਟੈਂਡ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸਰਹਿੰਦ ਤੋਂ ਦੂਰੀ ਕੇਵਲ 15 ਕਿਲੋਮੀਟਰ ਹੈ।

ਵਧੇਰੇ ਜਾਣਕਾਰੀ 01763-60508 ਫ਼ੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.