ਗੁਰਦੁਆਰਾ ਪਤਾਲਪੁਰੀ ਸਾਹਿਬ, ਕੀਰਤਪੁਰ ਸਾਹਿਬ (ਰੋਪੜ)

ਗੁਰਦੁਆਰਾ ਪਤਾਲਪੁਰੀ (ਕੀਰਤਪੁਰ ਸਾਹਿਬ) ਉਹ ਇਤਿਹਾਸਕ ਅਸਥਾਨ ਹੈ ਜਿਥੇ ਮੀਰੀ-ਪੀਰੀ ਦੇ ਮਾਲਕ, ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਹਰਿ ਰਾਇ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਉਪਰੰਤ ਅੰਤਮ ਸਸਕਾਰ ਕੀਤਾ ਗਿਆ। ਇਹ ਇਤਿਹਾਸਕ ਅਸਥਾਨ ਦਰਿਆ ਸਤਲੁਜ ਦੇ ਕਿਨਾਰੇ, ਪਹਾੜ ਦੇ ਪੈਰਾਂ ਵਿਚ, ਕੀਰਤਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੈ, ਭਾਵੇਂ ਕਿ ਕੀਰਤਪੁਰ ਸਾਹਿਬ ਨਗਰ ਵਿਚ ਹੋਰ ਵੀ ਬਹੁਤ ਸਾਰੇ ਪਵਿੱਤਰ ਇਤਿਹਾਸਕ ਅਸਥਾਨ ਹਨ।

ਕੀਰਤਪੁਰ ਸਾਹਿਬ ਇਤਿਹਾਸਕ ਨਗਰ ਹੈ, ਜਿਸ ਨੂੰ ਆਦਿ ਗੁਰੂ, ਗੁਰੂ ਨਾਨਕ ਦੇਵ ਜੀ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿ ਰਾਇ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਹੈ।

ਗੁਰੂ ਨਾਨਕ ਸਾਹਿਬ ਜੀ ਪੀਰ ਬੁੱਢਣਸ਼ਾਹ ਨੂੰ ਇਸ ਧਰਤੀ ‘ਤੇ ਹੀ ਮਿਲੇ ਸਨ। ਮੀਰੀ-ਪੀਰੀ ਦੇ ਮਾਲਕ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਦੀ ਧਰਤੀ ਕਹਲੂਰ ਦੇ ਰਾਜਾ ਤਾਰਾ ਚੰਦ ਪਾਸੋਂ ਖ੍ਰੀਦ ਕੇ ਬਾਬਾ ਬੁੱਢਾ ਗੁਰਦਿਤਾ ਜੀ ਦੇ ਮਾਰਫਤ ਆਬਾਦ ਕਰਵਾਈ। ਗੁਰੂ ਹਰਿਗੋਬਿੰਦ ਸਾਹਿਬ ਸੰਮਤ 1691 ਬਿਕਰਮੀ (1634 ਈ:) ਵਿਚ ਪਹਿਲੀ ਵਾਰ ਇਥੇ ਪਧਾਰੇ ਤੇ ਫਿਰ ਜੋਤੀ-ਜੋਤਿ ਸਮਾਉਣ ਤਕ ਇਸ ਅਸਥਾਨ ‘ਤੇ ਹੀ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਦੇ ਰਹੇ। ਇਸ ਤਰ੍ਹਾਂ ਗੁਰੂ ਹਰਿ ਰਾਇ ਸਾਹਿਬ ਤੇ ਗੁਰੂ ਹਰਿਕ੍ਰਿਸ਼ਨ ਜੀ ਵੀ ਇਸ ਅਸਥਾਨ ਨੂੰ ਹੀ ਕੇਂਦਰ ਬਣਾ ਗੁਰਮਤਿ ਵਿਚਾਰਧਾਰਾ ਦਾ ਪ੍ਰਚਾਰ-ਪ੍ਰਸਾਰ ਕਰਦੇ ਰਹੇ।

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਗੁਰੂ ਪਿਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਵਨ ਸੀਸ ਭਾਈ ਜੈਤਾ ਜੀ (ਭਾਈ ਜੀਵਨ ਸਿੰਘ) ਪਾਸੋਂ ਇਥੇ ਹੀ ਪ੍ਰਾਪਤ ਕੀਤਾ, ਫਿਰ ਆਪਣੇ ਹੱਥੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਗਨ ਭੇਂਟ ਕੀਤਾ। ਕੀਰਤਪੁਰ ਸਾਹਿਬ ਦੀ ਇਤਿਹਾਸਕ ਧਰਤੀ ‘ਤੇ ਨਿਮਨਲਿਖਤ ਗੁਰਦੁਆਰੇ ਸੁਭਾਇਮਾਨ ਹਨ: 1) ਗੁਰਦੁਆਰਾ ਚਰਨ ਕੰਵਲ ਸਾਹਿਬ 2) ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ 3) ਗੁਰਦੁਆਰਾ ਦਮਦਮਾ ਸਾਹਿਬ 4) ਗੁ: ਤਖ਼ਤ ਸਾਹਿਬ 5) ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ 6) ਗੁਰਦੁਆਰਾ ਮੰਜੀ ਸਾਹਿਬ 7) ਗੁਰਦੁਆਰਾ ਬਿਬਾਨਗੜ੍ਹ ਸਾਹਿਬ 8) ਗੁਰਦੁਆਰਾ ਤੀਰ ਸਾਹਿਬ 9) ਗੁਰਦੁਆਰਾ ਬਾਬਾ ਗੁਰਦਿਤਾ ਜੀ ਆਦਿ…..।

ਗੁਰਦੁਆਰਾ ਪਤਾਲ ਪੁਰੀ ਸਾਹਿਬ ਵਿਖੇ ਸਾਰੇ ਗੁਰਪੁਰਬ, ਖਾਲਸੇ ਦਾ ਸਿਰਜਣਾ ਦਿਹਾੜਾ ਵਿਸਾਖੀ ਤੇ ਹੋਲਾ ਮਹੱਲਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਗੁਰਮਤਿ ਗਿਆਨ ਤੋਂ ਵਿਹੂਣੇ ਬਹੁਤ ਸਾਰੇ ਲੋਕ ਇਥੇ ਮੁਰਦਿਆਂ ਦੀਆਂ ਹੱਡੀਆਂ ਜਲ ਪ੍ਰਵਾਹ ਕਰਨ ਆਉਂਦੇ ਹਨ। ਇਹ ਇਤਿਹਾਸਕ ਅਸਥਾਨ ਚੰਡੀਗੜ੍ਹ-ਰੋਪੜ-ਨੰਗਲ ਸੜਕ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਕੇਵਲ਼ 8 ਕਿਲੋਮੀਟਰ ਦੀ ਦੂਰੀ ‘ਤੇ ਹੈ।

ਯਾਤਰੂਆਂ ਦੀ ਰਿਹਾਇਸ਼, ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਵਧੇਰੇ ਜਾਣਕਾਰੀ 01887- 38239 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.