ਗੁਰਦੁਆਰਾ ਪਾਤਸ਼ਾਹੀ ਛੇਵੀਂ (ਅਕੋਈ) ਸੰਗਰੂਰ

ਗੁਰਦੁਆਰਾ ਪਾਤਸ਼ਾਹੀ ਛੇਵੀਂ (ਅਕੋਈ) ਗੁਰੂ ਹਰਿਗੋਬਿੰਦ ਸਾਹਿਬ ਦੀ ਮਾਲਵਾ ਯਾਤਰਾ ਦੀਆਂ ਯਾਦਾਂ ਦੀ ਯਾਦਗਾਰ ਵਜੋਂ ਸੁਭਾਇਮਾਨ ਹੈ। ਗੁਰੂ ਹਰਿਗੋਬਿੰਦ ਸਾਹਿਬ ਮਾਣਕ ਚੰਦ ਪ੍ਰੇਮੀ ਦਾ ਪ੍ਰੇਮ ਜਾਣ ਕੇ ਸੰਮਤ 1673 (1616 ਈ:) ਨੂੰ ਸ਼ੌਟੀ ਤੋਂ ਚਲ ਕੇ ਇਥੇ ਆਏ ਸਨ। ਭਾਈ ਮਾਣਕ ਚੰਦ ਪ੍ਰੇਮੀ ਨੇ ਪਹਿਲਾਂ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਯਾਦਗਾਰ ਬਣਾਈ। ਫਿਰ ‘ਬਡਰੁਖਾਂ’ ਦੇ ਸਿਰਦਾਰ ਦੀਵਾਨ ਸਿੰਘ ਨੇ ਪੁਰਾਣੀ ਯਾਦਗਾਰ ਦੀ ਥਾਂ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ। ਇਸ ਅਸਥਾਨ ਦੀ ਸੇਵਾ-ਸੰਭਾਲ ਪਹਿਲਾਂ ਨਿਹੰਗ ਸਿੰਘਾਂ ਪਾਸ ਸੀ ਹੁਣ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ। ਗੁਰਦੁਆਰਾ ਸਾਹਿਬ ਦੀ ਮੌਜੂਦਾ ਇਮਾਰਤ 1979 ਈ: ਵਿਚ ਬਣ ਕੇ ਤਿਆਰ ਹੋਈ ਹੈ। ਆਮ ਲੋਕਾਂ ਦਾ ਵਿਸ਼ਵਾਸ ਹੈ ਕਿ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਨੇ ਵੀ ਆਪਣੇ ਮੁਬਾਰਕ ਚਰਨ ਇਸ ਧਰਤ ‘ਤੇ ਪਾਏ ਸਨ। ਇਸ ਇਤਿਹਾਸਕ ਅਸਥਾਨ ‘ਤੇ ਪਹਿਲੀ, ਛੇਵੀਂ, ਨੌਵੀਂ, ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ।

ਇਹ ਅਸਥਾਨ ਪਿੰਡ ਅਕੋਈ ਤਹਿਸੀਲ/ ਜ਼ਿਲ੍ਹਾ ਸੰਗਰੂਰ ਵਿਚ, ਸੰਗਰੂਰ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਸੰਗਰੂਰ-ਧੂਰੀ ਰੋਡ ‘ਤੇ ਸਥਿਤ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ ਪ੍ਰਸ਼ਾਦਿ ਦਾ ਪ੍ਰਬੰਧ ਸੁਚੱਜਾ ਹੈ।

ਵਧੇਰੇ ਜਾਣਕਾਰੀ 01772-36295 ਫ਼ੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.