ਗੁਰਦੁਆਰਾ ‘ਪਾਤਸ਼ਾਹੀ ਛੇਵੀਂ ਤੇ ਦਸਵੀਂ ਭਗਤਾ ਭਾਈ ਕਾ (ਬਠਿੰਡਾ)

ਗੁਰਦੁਆਰਾ ਪਾਤਸ਼ਾਹੀ ਛੇਵੀਂ ‘ਤੇ ਦਸਵੀਂ (ਭਗਤਾ ਭਾਈ ਕਾ) ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਯਾਦ ਵਿਚ ਸੁਭਾਇਮਾਨ ਹੈ। ਮਾਲਵਾ ਪ੍ਰਚਾਰ-ਫੇਰੀ ਸਮੇਂ (1631-1634 ਈ.) ਗੁਰੂ ਹਰਿਗੋਬਿੰਦ ਸਾਹਿਬ ਦਇਆਲਪੁਰ ਤੋਂ ਭਾਈ ਭਗਤੇ ਆਏ। ‘ਭਗਤਾ ਭਾਈ ਕਾ’ ਨਗਰ ਭਾਈ ਬਹਿਲੋ ਦੇ ਪੋਤਰੇ ‘ਭਗਤੇ’ ਨੇ ਵਸਾਇਆ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਭਾਈ ਬਹਿਲੋ ਦੇ ਪਰਿਵਾਰ ਨੇ ਬਹੁਤ ਆਦਰ-ਮਾਣ ਦਿੱਤਾ। ਗੁਰਦੇਵ ਦੀ ਚਰਨ-ਛੋਹ ਪ੍ਰਾਪਤ ਧਰਤ ‘ਤੇ ਪ੍ਰੇਮੀ ਗੁਰਸਿੱਖਾਂ ਨੇ ‘ਮੰਜੀ ਸਾਹਿਬ’ ਦਾ ਨਿਰਮਾਣ ਕਰਵਾਇਆ।

ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੀਨੇ ਕਾਂਗੜ ਤੋਂ ਸ਼ਿਕਾਰ ਖੇਡਦੇ ਹੋਏ, ਭਾਈ ਭਗਤੇ ਦੇ ਖੂਹ ਦੇ ਨਜ਼ਦੀਕ ਇਕ ਪਿੱਪਲ ਹੇਠ ਬਿਰਾਜੇ। ਇਕ ਸ਼ਸ਼ਤਰਧਾਰੀ ਪ੍ਰੇਮੀ ਗੁਰਸਿੱਖ ਆਪਣੇ ਨੌਜੁਆਨ ਸਪੁੱਤਰ ਸਮੇਤ ਗੁਰੂ ਜੀ ਦੇ ਚਰਨਾਂ ‘ਚ ਹਾਜ਼ਰ ਹੋਇਆ ਤੇ ਘੁੰਗਣੀਆਂ ਭੇਂਟ ਕੀਤੀਆਂ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਨੌਜੁਆਨ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕੀਤੀ ਜਾਵੇ। ਗੁਰੂ ਜੀ ਨੇ ਨੌਜੁਆਨ ਨੂੰ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕਰ ਨਾਮ ਘੁੰਗਣਾ ਸਿੰਘ ਰੱਖਿਆ। ਭਾਈ ਭਗਤੇ ਦੇ ਸਪੁੱਤਰ ਭਾਈ ਗੁਰਦਾਸ ਨੂੰ ਜਦ ਗੁਰੂ ਜੀ ਦੀ ਆਮਦ ਦਾ ਪਤਾ ਚੱਲਿਆ ਤਾਂ ਉਹ ਗੁਰੂ ਜੀ ਨੂੰ ਮਾਣ-ਸਤਿਕਾਰ ਸਹਿਤ ਆਪਣੇ ਘਰ ਲੈ ਗਿਆ ਤੇ ਗੁਰਦੇਵ ਦੀ ਖੂਬ ਟਹਿਲ-ਸੇਵਾ ਕੀਤੀ।

ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ਭਾਈ ਭਗਤੇ ਦੇ ਖੂਹ ਦੇ ਨਜ਼ਦੀਕ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ। ਰਿਆਸਤ ਫਰੀਦਕੋਟ ਵੱਲੋਂ ਇਸ ਅਸਥਾਨ ਨੂੰ ਕੁਝ ਜ਼ਮੀਨ ਜਗੀਰ ਦੇ ਰੂਪ ਵਿਚ ਭੇਂਟ ਕੀਤੀ ਗਈ। ਗੁਰਦੁਆਰਾ ਸਾਹਿਬ ਦੀ ਵਰਤਮਾਨ ਇਮਾਰਤ ਨਵੀਂ ਬਣੀ ਹੈ। ਪ੍ਰਬੰਧ, ਸ਼੍ਰੋਮਣੀ ਗੁ: ਪ੍ਰ: ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਸ ਇਤਿਹਾਸਕ ਅਸਥਾਨ ‘ਤੇ ਪਹਿਲੀ ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਅਤੇ ਪੰਚਮ ਤੇ ਨੌਵੀਂ ਪਾਤਸ਼ਾਹੀ ਦੇ ਸ਼ਹੀਦੀ ਦਿਹਾੜੇ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਇਹ ਅਸਥਾਨ ਪਿੰਡ ‘ਭਗਤਾ ਭਾਈ ਕਾ’ ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ ਵਿਚ, ਰੇਲਵੇ ਸਟੇਸ਼ਨ ਬਠਿੰਡਾ ਤੋਂ 22 ਕਿਲੋਮੀਟਰ ਤੇ ਬੱਸ ਸਟੈਂਡ ‘ਭਗਤਾ ਭਾਈ ਕਾ’ ਤੋਂ ਕੇਵਲ ਇਕ ਕਿਲੋਮੀਟਰ ਦੀ ਦੂਰੀ ‘ਤੇ ਬਠਿੰਡਾ-ਮੋਗਾ ਰੋਡ ‘ਤੇ ਸਥਿਤ ਹੈ।

 

 

Gurdwara Text Courtesy :- Dr. Roop Singh, Secretary S.G.P.C.