ਗੁਰਦੁਆਰਾ ਪਾਤਸ਼ਾਹੀ ਛੇਵੀਂ, ਥਾਨੇਸਰ

ਹਰਿਆਣਾ ਮੀਰੀ-ਪੀਰੀ ਦੇ ਮਾਲਕ, ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਾਵਨ ਚਰਨ-ਛੋਹ ਪ੍ਰਾਪਤ ਧਰਤ ਸੁਹਾਵੀ ‘ਤੇ ਸੁਸ਼ੋਭਿਤ ਹੈ ‘ਗੁਰਦੁਆਰਾ ਪਾਤਸ਼ਾਹੀ ਛੇਵੀਂ (ਥਾਨੇਸਰ) ਕੁਰਕਸ਼ੇਤਰ। ‘ਕੁਰਕਸ਼ੇਤਰ’ ਹਰਿਆਣਾ ਰਾਜ ਦਾ ਪੁਰਾਤਨ ਸਮੇਂ ਤੋਂ ਧਾਰਮਿਕ, ਇਤਿਹਾਸਕ, ਰਾਜਨੀਤਿਕ, ਸਮਾਜਿਕ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਰਿਹਾ ਹੈ। ਇਹੀ ਕਾਰਨ ਹੈ ਕਿ ਅੱਜ ਵੀ ਹਿੰਦੂ ਦਿਨ-ਦਿਹਾਰਾਂ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇਥੇ ਸ਼ਰਧਾ-ਸਤਿਕਾਰ ਭੇਂਟ ਕਰਨ ਆਉਂਦੇ ਹਨ। ਸਿੱਖ ਗੁਰੂ ਸਾਹਿਬਾਨ ਜੀ ਨੇ ਆਪਣੇ ਸਮੇਂ ਇਨ੍ਹਾਂ ਧਾਰਮਿਕ ਇਕੱਠਾ ਸਮੇਂ ‘ਸੱਚ ਧਰਮ’ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਕਈ ਵਾਰ ਆਪਣੇ ਮੁਬਾਰਕ ਚਰਨ ਪਾਏ। ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਇਤਿਹਾਸਕ ਅਸਥਾਨ ‘ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੋ ਵਾਰ ਆਏ, ਪਹਿਲੀ ਵਾਰ 1632-33 ਈ: ‘ਨਾਨਕ ਮਤੇ’ ਦੀ ਯਾਤਰਾ ਤੋਂ ਵਾਪਸੀ ਸਮੇਂ ਅਤੇ ਦੂਸਰੀ ਵਾਰ 1638 ਈ: ਵਿਚ ਸੂਰਜ ਗ੍ਰਹਿਣ ਸਮੇਂ ਦਿੱਲੀ ਤੋਂ ਵਾਪਸੀ ਸਮੇਂ ਕੁਝ ਸਮੇਂ ਲਈ ਇਥੇ ਨਿਵਾਸ ਕੀਤਾ। ਗੁਰੂ-ਚਰਨਾਂ ਦੀ ਛੋਹ ਪ੍ਰਾਪਤ ਧਰਤ ‘ਤੇ ਪ੍ਰੇਮੀ ਗੁਰਸਿੱਖਾਂ ਨੇ ਇਤਿਹਾਸਕ ਯਾਦਗਾਰ ਦਾ ਨਿਰਮਾਣ ਕਰਵਾਇਆ। ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਇਮਾਰਤ ਅਤਿ ਸੁੰਦਰ ਹੈ ਅਤੇ ਸਾਹਮਣੇ ਉੱਚਾ ਕੇਸਰੀ ਪਰਚਮ ਝੂਲਦਾ ਦੂਰੋਂ ਦਿਖਾਈ ਦਿੰਦਾ ਹੈ । ਗੁਰਦੁਆਰਾ ਸਾਹਿਬ ਦੇ ਨਾਲ ਵਿਸ਼ਾਲ ਸਰੋਵਰ ਹੈ। ਗੁਰੂ ਅਮਰਦਾਸ ਜੀ ਦੇ ਪਵਿੱਤਰ ਨਾਮ ‘ਤੇ ਡਿਸਪੈਂਸਰੀ ਲੋੜਵੰਦਾਂ ਦੀ ਸਹਾਇਤਾ ਲਈ ਸਫਲਤਾ ਪੂਰਵਕ ਚਲ ਰਹੀ ਹੈ।

ਕੁਰਕਸ਼ੇਤਰ ਦੀ ਇਤਿਹਾਸਕ ਧਰਤੀ ‘ਤੇ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੋਂ ਇਲਾਵਾ ਨਿਮਨਲਿਖਤ ਗੁਰਦੁਆਰੇ ਸੁਸ਼ੋਭਿਤ ਹਨ:-

· ਗੁਰਦੁਆਰਾ ਪਹਿਲੀ ਪਾਤਸ਼ਾਹੀ (ਸਿੱਧ ਵੱਟੀ)
· ਗੁਰਦੁਆਰਾ ਤੀਸਰੀ ਪਾਤਸ਼ਾਹੀ
· ਗੁਰਦੁਆਰਾ ਸਤਵੀਂ ਪਾਤਸ਼ਾਹੀ
· ਗੁਰਦੁਆਰਾ ਅਠਵੀਂ ਪਾਤਸ਼ਾਹੀ
· ਗੁਰਦੁਆਰਾ ਨੌਵੀਂ ਪਾਤਸ਼ਾਹੀ
· ਗੁਰਦੁਆਰਾ ਦਸਵੀਂ ਪਾਤਸ਼ਾਹੀ

ਇਨ੍ਹਾਂ ਇਤਿਹਾਸਕ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਹੈ ਤੇ ਖੇਤਰੀ ਪ੍ਰਬੰਧਕੀ ਦਫ਼ਤਰ ਗੁਰਦੁਆਰਾ ਪਾਤਸ਼ਾਹੀ ਛੇਵੀਂ (ਥਾਨੇਸਰ) ਕੁਰਕਸ਼ੇਤਰ ਵਿਖੇ ਹੈ। ਇਨ੍ਹਾਂ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਾਉਣ ਲਈ ਸ਼ਰਧਾਲੂਆਂ ਵਾਸਤੇ ਦਫ਼ਤਰ ਵੱਲੋਂ ਵਿਸ਼ੇਸ਼ ਗੱਡੀ ਦੀ ਸਹੂਲਤ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਤੇ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਲਈ ੫੭ ਕਮਰੇ ਕਾਮਨ ਬਾਥਰੂਮ, ਤਿੰਨ ਕਮਰੇ ਬਾਥਰੂਮ ਸਮੇਤ ਤੇ ਇਕ ਅਲੱਗ ਰੈਸਟ ਹਾਊਸ ਹੈ।

‘ਗੁਰਦੁਆਰਾ ਪਾਤਸ਼ਾਹੀ ਛੇਵੀਂ’, ‘ਥਾਨੇਸਰ’ ਜ਼ਿਲ੍ਹਾ ਕੁਰਕਸ਼ਤੇਰ ਵਿਚ, ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਕੁਰਕਸ਼ੇਤਰ ਤੋਂ ਕੇਵਲ ਇਕ ਕਿਲੋਮੀਟਰ ਦੀ ਦੂਰੀ ‘ਤੇ ਸੁਸ਼ੋਭਿਤ ਹੈ। ਕੁਰਕਸ਼ੇਤਰ ਦਿੱਲੀ-ਅੰਬਾਲਾ-ਅੰਮ੍ਰਿਤਸਰ ਰੇਲਵੇ ਲਾਈਨ ‘ਤੇ ਪ੍ਰਮੁੱਖ ਰੇਲਵੇ ਸਟੇਸ਼ਨ ਹੈ। ਅੰਮ੍ਰਿਤਸਰ-ਅੰਬਾਲਾ ਦਿੱਲੀ ਸ਼ਾਹ ਰਾਹ ‘ਤੇ ਪਿਪਲੀ ਬੱਸ ਸਟੈਂਡ ਤੋਂ ਇਹ ਇਤਿਹਾਸਕ ਅਸਥਾਨ ਕੇਵਲ 6 ਕਿਲੋਮੀਟਰ ਦੀ ਦੂਰੀ ‘ਤੇ ਹੈ। ਇਸ ਇਤਿਹਾਸਕ ਅਸਥਾਨ ‘ਤੇ ਸਾਰੇ ਗੁਰਪੁਰਬ ਤੇ ਵਿਸ਼ੇਸ਼ ਕਰਕੇ ਛੇਵੀਂ ਪਾਤਸ਼ਾਹੀ ਦਾ ਪ੍ਰਕਾਸ਼ਪੁਰਬ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ।

ਵਧੇਰੇ ਜਾਣਕਾਰੀ ਲਈ 01744-20527 ਫ਼ੋਨ ਨੰਬਰ ਦੀ ਸਹੂਲਤ ਉਪਲਬਧ ਹੈ।

 

Gurdwara Text Courtesy :- Dr. Roop Singh, Secretary S.G.P.C.