ਗੁਰਦੁਆਰਾ ਪਾਤਸ਼ਾਹੀ ਛੇਵੀਂ, ਭਾਈ ਰੂਪਾ (ਬਠਿੰਡਾ)

ਮੀਰੀ-ਪੀਰੀ ਦੇ ਮਾਲਕ, ਗੁਰੂ ਹਰਿਗੋਬਿੰਦ ਸਾਹਿਬ ਆਪਣੀ ਮਾਲਵਾ ਪ੍ਰਚਾਰ ਫੇਰੀ ਸਮੇਂ 1631 ਈ: ਵਿਚ ਪ੍ਰੇਮੀ ਗੁਰਸਿੱਖ ਭਾਈ ਸਾਧੂ ਤੇ ਉਸ ਦੇ ਸਪੁੱਤਰ ਰੂਪ ਚੰਦ (1614-1709) ਈ: ਨੂੰ ਗੁਮਟੀ ਪਿੰਡ ਦੇ ਨਜ਼ਦੀਕ ਇਕ ਜੰਡ ਦੇ ਦਰਖਤ ਹੇਠ ਮਿਲੇ। ਪ੍ਰੇਮੀ ਗੁਰਸਿੱਖਾਂ ਨੇ ਗੁਰੂ ਜੀ ਤੇ ਸੰਗੀ ਸਾਥੀਆਂ ਨੂੰ ਜਲ ਛਕਾਇਆ। ਗੁਰੂ ਹਰਿਗੋਬਿੰਦ ਜੀ ਨੇ ਇਸ ਗੁਰਸਿੱਖ ਪਰਿਵਾਰ ਦੀ ਸਿੱਖੀ ਪ੍ਰਤੀ ਦ੍ਰਿੜ੍ਹਤਾ ਤੇ ਸੇਵਾ ਭਾਵਨਾ ਨੂੰ ਮੁੱਖ ਰੱਖਦਿਆਂ ‘ਰੂਪ ਚੰਦ’ ਨੂੰ ‘ਭਾਈ’ ਪਦ ਦੀ ਉਪਾਧੀ ਬਖ਼ਸ਼ਿਸ ਕੀਤੀ ਅਤੇ ‘ਭਾਈ ਰੂਪ ਚੰਦ’ ਦੇ ਨਾਂ ‘ਤੇ ਨਵਾਂ ਪਿੰਡ ਆਬਾਦ ਕਰਨ ਦਾ ਆਦੇਸ਼ ਕੀਤਾ। ਇਸ ਕਾਰਜ ਵਿਚ ਗੁਰੂ ਜੀ ਨੇ ਖੁਦ ਸਹਾਇਤਾ ਕੀਤੀ।

ਭਾਈ ਰੂਪ ਚੰਦ ਤੇ ਪਰਿਵਾਰ ਦੀ ਗੁਰਸਿੱਖੀ ਪ੍ਰਤੀ ਪਰਪਕਤਾ ਤੇ ਲੰਗਰ ਦੀ ਸੇਵਾ ਭਾਵਨਾ ਨੂੰ ਸਨਮੁਖ ਰੱਖਦਿਆਂ ਇਕ ਖੰਡਾ ਤੇ ਲੰਗਰ ਵਰਤਾਉਣ ਵਾਲਾ ਕੜਛਾ, ਪਰਿਵਾਰ ਨੂੰ ਯਾਦਗਾਰ ਵਜੋਂ ਬਖ਼ਸ਼ਿਸ ਕੀਤਾ ਜੋ ਅੱਜ ਵੀ ਬਾਗੜੀਆ ਪਰਿਵਾਰ ਪਾਸ ਸੁਰੱਖਿਅਤ ਹਨ। ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ-ਛੋਹ ਪ੍ਰਾਪਤ ਭਾਈ ਰੂਪ ਚੰਦ ਦਾ ਘਰ ਗੁਰਦੁਆਰੇ ਦੇ ਰੂਪ ਵਿਚ ਪ੍ਰਗਟ ਹੋਇਆ। ਭਾਈ ਰੂਪ ਚੰਦ ਦੇ ਸਪੁੱਤਰ ਪਰਮ ਸਿੰਘ ਤੇ ਧਰਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਅੰਮ੍ਰਿਤ-ਦਾਤ ਪ੍ਰਾਪਤ ਕਰ ਗੁਰੂ-ਪਰਿਵਾਰ ਦੇ ਮੈਂਬਰ ਬਣੇ।

ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ ਵਿਚ ਬਣੇ ਇਤਿਹਾਸਕ ਅਸਥਾਨ ਦਾ ਪ੍ਰਬੰਧ ਭਾਈ ਰੂਪ ਚੰਦ ਦਾ ਪਰਿਵਾਰ ਹੀ ਕਰਦਾ ਰਿਹਾ। ਹੁਣ ਪ੍ਰਬੰਧ, ਸ਼੍ਰੋਮਣੀ ਗੁ: ਪ੍ਰ: ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਸ ਇਤਿਹਾਸਕ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਗੁਰਦੁਆਰਾ ਪਾਤਸ਼ਾਹੀ ਛੇਵੀਂ, ਭਾਈ ਰੂਪਾ, ਪਿੰਡ ਤਹਿਸੀਲ ਰਾਮਪੂਰਾ ਫੂਲ, ਜ਼ਿਲ੍ਹਾ ਬਠਿੰਡਾ ਵਿਚ, ਰੇਲਵੇ ਸਟੇਸ਼ਨ ਰਾਮਪੁਰਾ ਫੂਲ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਬਰਨਾਲਾ-ਭਗਤਾ ਰੋਡ ‘ਤੇ ਸਥਿਤ ਹੈ।

ਗੁਰਦੁਆਰਾ ਸਾਹਿਬ ਦੇ ਨਜ਼ਦੀਕ ਇਕ ਪਰਿਵਾਰ ਪਾਸ ਇਕ ਪੁਰਾਤਨ ਰੱਥ ਹੈ ਜਿਸ ਬਾਰੇ ਮਨੌਤ ਹੈ ਕਿ ਇਸ ਰੱਥ ਦੀ ਵਰਤੋਂ ਗੁਰੂ ਹਰਿਗੋਬਿੰਦ ਸਾਹਿਬ ਤੇ ਗੁਰੂ ਹਰਿ ਰਾਇ ਸਾਹਿਬ ਕਰਦੇ ਰਹੇ ਹਨ ਅਤੇ ਇਹ ਰੱਥ ਸੰਮਤ 1744 ਈ. ਨੂੰ ਦੇਹਰਾਦੂਨ ਤੋਂ ਇਥੇ ਆਇਆ।

 

 

Gurdwara Text Courtesy :- Dr. Roop Singh, Secretary S.G.P.C.