‘ਗੁਰਦੁਆਰਾ ਪਾਤਸ਼ਾਹੀ ਦਸਵੀਂ ਚੱਕ ਫਤੇਸਿੰਘ ਵਾਲਾ

ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਚਰਨ-ਛੋਹ ਪ੍ਰਾਪਤ ਧਰਤ ‘ਤੇ ਸਸ਼ੋਭਿਤ ਹੈ, ‘ਗੁਰਦੁਆਰਾ ਪਾਤਸ਼ਾਹੀ ਦਸਵੀਂ’ ਚੱਕ ਫਤੇਸਿੰਘ ਵਾਲਾ । ਗੁਰੂ-ਘਰ ਦੇ ਪ੍ਰੇਮੀ ਗੁਰਸਿੱਖ ਭਾਈ ਭਗਤੂ ਦੇ ਪੋਤਰੇ, ਭਾਈ ਰਾਮ ਸਿੰਘ ਦੀ ਬੇਨਤੀ ਨੂੰ ਸਵੀਕਾਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋ ਤੋਂ 18 ਜੇਠ ਸੰ: 1763 (10 ਮਈ, 1706 ਈ.) ਨੂੰ ਇਥੇ ਆਏ। ਭਾਈ ਰਾਮ ਸਿੰਘ ਤੇ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਜੀ ਦਾ ਬਹੁਤ ਆਦਰ-ਮਾਣ ਕੀਤਾ। ਗੁਰੂ ਜੀ ਇਕ ਹਫਤਾ ਇਥੇ ਰਹੇ ਤੇ ਫਿਰ ਵਾਪਸ ਤਲਵੰਡੀ ਸਾਬੋ ਆ ਗਏ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ‘ਗੁਰੂ-ਘਰ’ ਦਾ ਨਿਰਮਾਣ ਕਾਰਜ ਕਰਵਾਇਆ, ਜਿਸ ਦੀ ਸੇਵਾ- ਸੰਭਾਲ ਨਿਰਮਲੇ ਸਿੰਘ ਕਰਦੇ ਰਹੇ। ਹੁਣ ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ। ਗੁਰਦੁਆਰਾ ਸਾਹਿਬ ਦੀ 1960 ਈ. ਵਿਚ ਬਣੀ ਇਮਾਰਤ ਦੀ ਥਾਂ ‘ਤੇ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਗਈ। ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਵੀ ਬਣਿਆ ਹੋਇਆ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਠੀਕ ਹੈ। ਰਿਹਾਇਸ਼ ਵਾਸਤੇ 10 ਕਮਰੇ ਬਣੇ ਹੋਏ ਹਨ।

ਇਸ ਇਤਿਹਾਸਕ ਅਸਥਾਨ ‘ਤੇ ਗੁਰੂ ਨਾਨਕ- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸਾਲਾਨਾ ਜੋੜ ਮੇਲਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ।

ਇਹ ਇਤਿਹਾਸਕ ਗੁਰਦੁਆਰਾ, ਪਿੰਡ ਫਤੇਸਿੰਘ ਵਾਲਾ, ਤਹਿਸੀਲ/ਜ਼ਿਲ੍ਹਾ ਬਠਿੰਡਾ ਵਿਚ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਭੁੱਚੋ ਮੰਡੀ ਤੋਂ ਕੇਵਲ 4 ਕਿਲੋਮੀਟਰ ਦੀ ਦੂਰੀ ‘ਤੇ ਬਠਿੰਡਾ-ਬਰਨਾਲਾ ਰੋਡ ‘ਤੇ ਸਥਿਤ ਹੈ। ਲਿੰਕ ਰੋਡ ਭੁੱਚੋ ਮੰਡੀ -ਤਲਵੰਡੀ ਸਾਬੋ ਵੀ ਹੈ।

 

 

Gurdwara Text Courtesy :- Dr. Roop Singh, Secretary S.G.P.C.