ਗੁਰਦੁਆਰਾ ‘ਪਾਤਸ਼ਾਹੀ ਦਸਵੀਂ’, ਜਗਾਧਰੀ

ਹਰਿਆਣਾ ਗੁਰਦੁਆਰਾ ਪਾਤਸ਼ਾਹੀ ਦਸਵੀਂ, ਜਗਾਧਰੀ ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੀ ਪਾਵਨ ਯਾਦ ਵਿਚ ਸੁਭਾਇਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਪਾਉਂਟਾ ਸਾਹਿਬ ਤੋਂ ਅਨੰਦਪੁਰ ਸਾਹਿਬ ਵਾਪਸ ਆਉਣ ਸਮੇਂ 1688 ਈ. ਵਿੱਚ ਕੁਝ ਸਮੇਂ ਵਾਸਤੇ ਕਪਾਲ ਮੋਚਨ ਠਹਿਰੇ ਸਨ। ਕਪਾਲ ਮੋਚਨ ਤੋਂ ਗੁਰੂ ਜੀ ਕੁਝ ਸਮੇਂ ਵਾਸਤੇ ਪ੍ਰੇਮੀ ਗੁਰਸਿੱਖਾਂ ਦਾ ਪ੍ਰੇਮ ਜਾਣ ਕੇ ਜਗਾਧਰੀ, ਇਸ ਅਸਥਾਨ ‘ਤੇ ਆਏ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਗੁਰੂ-ਘਰ ਦੇ ਪ੍ਰੀਤਵਾਨਾਂ ਨੇ ਯਾਦਗਾਰੀ ਅਸਥਾਨ ਦਾ ਨਿਰਮਾਣ ਕਰਵਾਇਆ। ਗੁਰਦੁਆਰਾ ਪਾਤਸ਼ਾਹੀ ਦਸਵੀਂ ਦੀ ਆਧੁਨਿਕ ਇਮਾਰਤ 1945 ਈ: ਵਿਚ ਬਣੀ ਸੀ। ਇਸ ਇਤਿਹਾਸਕ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਰਿਹਾਇਸ਼ ਲਈ ਵੀ ੫ ਕਮਰੇ ਬਣੇ ਹੋਏ ਹਨ। ਪ੍ਰਬੰਧ ਸ਼੍ਰੋਮਣੀ ਗੁ: ਪ੍ਰ: ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਹ ਇਤਿਹਾਸਕ ਗੁਰਦੁਆਰਾ ਹਨੂਮਾਨ ਦਰਵਾਜ਼ੇ ਦੇ ਨਜ਼ਦੀਕ ਸ਼ਹਿਰ ਜਗਾਧਰੀ, ਜ਼ਿਲ੍ਹਾ ਯਮਨਾਨਗਰ (ਹਰਿਆਣਾ) ਵਿਚ ਜਗਾਧਰੀ ਰੇਲਵੇ ਸਟੇਸ਼ਨ ਤੋਂ 5 ਕਿਲੋਮੀਟਰ ਤੇ ਬੱਸ ਸਟੈਂਡ ਜਗਾਧਰੀ ਤੋਂ 1½ ਕਿਲੋਮੀਟਰ ਦੀ ਦੂਰੀ ‘ਤੇ ਅੰਬਾਲਾ-ਜਗਾਧਰੀ-ਪਾਉਂਟਾ ਸਾਹਿਬ ਰੋਡ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.