ਗੁਰਦੁਆਰਾ ‘ਪਾਤਸ਼ਾਹੀ ਦਸਵੀਂ’ ਬਰਗਾੜੀ (ਫਰੀਦਕੋਟ)

ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ, ‘ਗੁਰਦੁਆਰਾ ‘ਪਾਤਸ਼ਾਹੀ ਦਸਵੀਂ’ ਬਰਗਾੜੀ, ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਯਾਦ ਵਿਚ ਸੁਭਾਇਮਾਨ ਹੈ। ਗੁਰੂ ਗੋਬਿੰਦ ਸਿੰਘ ਜੀ, ਦੀਨੇ ਕਾਂਗੜ ਤੋਂ ਕੋਟਕਪੂਰੇ ਜਾਣ ਸਮੇਂ ਦਸੰਬਰ, 1705 ਈ: ਵਿਚ ਪਿੰਡ ਬਾਂਦਰਾਂ ਤੋਂ ਆਏ ਅਤੇ ਤਿੰਨ ਦਿਨ ਇਥੇ ਨਿਵਾਸ ਕੀਤਾ। ਰਾਏ ਜੱਗੇ ਚੌਧਰੀ (ਜੋ ਸੰਘਰ ਕਿਆਂ ਬਰਾੜਾਂ ਵਿਚੋਂ ਸੀ) ਅਤੇ ਕੋਟਕਪੂਰੇ ਵਾਲੇ ਕਪੂਰੇ ਦੇ ਭਾਈ ਨੰਦ ਨੇ ਗੁਰੂ ਜੀ ਤੇ ਸਿੱਖ ਸੰਗਤਾਂ ਨੂੰ ਬਹੁਤ ਆਦਰ-ਸਤਿਕਾਰ ਦਿਤਾ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ। ਰਿਆਸਤ ਫਰੀਦਕੋਟ ਵੱਲੋਂ ਕੁਝ ਜ਼ਮੀਂਨ ਜਗੀਰ ਰੂਪ ਵਿਚ ਗੁਰਦੁਆਰਾ ਸਾਹਿਬ ਦੇ ਨਾਮ ਲਗਵਾਈ ਗਈ। ਗੁਰਦੁਆਰਾ ਸਾਹਿਬ ਦੀ ਵਰਤਮਾਨ ਇਮਾਰਤ 1996 ਈ. ਵਿਚ ਬਣ ਕੇ ਤਿਆਰ ਹੋਈ। ਗੁਰਦੁਆਰਾ ਸਾਹਿਬ ਦੇ ਸਰੋਵਰ ਹੋਣ ਕਰਕੇ ਗੁਰਦੁਆਰੇ ਦਾ ਨਾਮ ਕਿਧਰੇ ਕਿਧਰੇ ‘ਗੁਰੂਸਰ’ ਵੀ ਲਿਖਿਆ ਮਿਲਦਾ ਹੈ।

ਇਸ ਇਤਿਹਾਸਕ ਅਸਥਾਨ ‘ਤੇ ਪਹਿਲੀ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ, ਪੰਜਵੀਂ ਤੇ ਨੌਵੀਂ ਪਾਤਸ਼ਾਹੀ ਦੇ ਦਿਹਾੜੇ ਅਤੇ ਖਾਲਸੇ ਦਾ ਸਿਰਜਨਾ ਦਿਵਸ ਵੈਸਾਖੀ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ ਅਤੇ ਰਿਹਾਇਸ਼ ਵਾਸਤੇ ਵੀ ਪੰਜ ਕਮਰੇ ਬਣੇ ਹੋਏ ਹਨ। ਪ੍ਰਬੰਧ, ਸ਼੍ਰੋਮਣੀ ਗੁ: ਪ੍ਰ: ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਹ ਇਤਿਹਾਸਕ ਅਸਥਾਨ ਪਿੰਡ ਬਰਗਾੜੀ, ਤਹਿਸੀਲ ਜੈਤੋ, ਜ਼ਿਲ੍ਹਾ ਫਰੀਦਕੋਟ ਵਿਚ ਰੇਲਵੇ ਸਟੇਸ਼ਨ ਕੋਟਕਪੂਰੇ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਕੋਟਕਪੂਰਾ-ਬਠਿੰਡਾ ਰੋਡ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.