ਗੁਰਦੁਆਰਾ ਪਾਤਸ਼ਾਹੀ ਦਸਵੀਂ ਬਾਜਕ (ਬਠਿੰਡਾ)

ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਕਿ ‘ਗੁਰਦੁਆਰਾ ਪਾਤਸ਼ਾਹੀ ਦਸਵੀਂ’, ਬਾਜਕ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਯਾਦਗਾਰ ਵਜੋਂ ਸੁਭਾਇਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਡੱਡੇਆਣਾ ਤੋਂ ਇਥੇ ਆਏ ਤੇ ਕੁਝ ਸਮਾਂ ਇਥੇ ਨਿਵਾਸ ਕੀਤਾ। ਸੱਧੂ ਅਤੇ ਬੱਧੂ ਨਾਮੀ ਦੋ ਦੀਵਾਨੇ ਸਾਧਾਂ ਨੇ ਗੁਰੂ ਜੀ ਨੂੰ ਖੂਬ ਆਦਰ-ਸਤਿਕਾਰ ਦਿੱਤਾ ਤੇ ਟਹਿਲ-ਸੇਵਾ ਕੀਤੀ। ਮਾਲਵੇ ਵਿਚ ਜੋ ਲੋਕ, ਢੱਡ-ਸਾਰੰਗੀ ਨਾਲ ਗਾਉਂਦੇ ਸਨ ਉਨ੍ਹਾਂ ਨੂੰ ‘ਦੀਵਾਨੇ’ ਕਿਹਾ ਜਾਂਦਾ ਸੀ। ਸੱਧੂ ਅਤੇ ਬੱਧੂ ਨਾਮੀ ਦੀਵਾਨਿਆਂ ਨੇ ਢੱਡ ਸਾਰੰਗੀ ਨਾਲ ਗੁਰੂ ਗੋਬਿੰਦ ਸਿੰਘ ਨੂੰ ‘ਸੱਦ’ ਸੁਣਾਈ। ਗੁਰੂ ਜੀ ਇਨ੍ਹਾਂ ਦੀ ਰਾਗ ਵਿੱਦਿਆ ਤੋਂ ਬਹੁਤ ਖੁਸ਼ ਹੋਏ।

ਇਨ੍ਹਾਂ ਦੀਵਾਨੇ ਸਾਧਾਂ ਦੀ ਬੇਨਤੀ ‘ਤੇ ਗੁਰੂ ਜੀ ਨੇ ਫਿਰ ਮਾਛੀਵਾੜੇ ਵਾਲਾ ਲਿਬਾਸ ਧਾਰਨ ਕੀਤਾ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਸ: ਧਿਆਨ ਸਿੰਘ ਨੇ ਗੁਰੂ-ਘਰ ਦੀ ਸੇਵਾ ਕਰਵਾਈ। ਹੁਣ ਗੁਰੂ-ਘਰ ਦੇ ਨਜ਼ਦੀਕ ਸੁੰਦਰ ਸਰੋਵਰ ਵੀ ਬਣਿਆ ਹੋਇਆ ਹੈ। ਪਹਿਲਾਂ ਪ੍ਰਬੰਧ ਪਿਤਾ-ਪੁਰਖੀ ਸੀ, ਹੁਣ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕ ਕਮੇਟੀ ਰਾਹੀਂ ਕਰਦੀ ਹੈ। ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ 5 ਮਾਰਚ, 1997 ਨੂੰ ਬਣਨੀ ਸ਼ੁਰੂ ਹੋਈ।

ਇਸ ਅਸਥਾਨ ‘ਤੇ ਗੁਰੂ ਨਾਨਕ- ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ, ਵੈਸਾਖੀ ਤੇ ਬੰਦੀ ਛੋੜ ਦਿਵਸ (ਦੀਵਾਲੀ) ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਰਿਹਾਇਸ਼ ਵਾਸਤੇ ਵੀ 4 ਕਮਰੇ ਬਣੇ ਹੋਏ ਹਨ।

ਇਹ ਇਤਿਹਾਸਕ ਅਸਥਾਨ ਪਿੰਡ ਬਾਜਕ, ਤਹਿ: ਜ਼ਿਲ੍ਹਾ ਬਠਿੰਡਾ ਵਿਚ ਰੇਲਵੇ ਸਟੇਸ਼ਨ ਬਲੂਆਣਾ- ਸੰਗਤ ਤੋਂ 12 ਕਿਲੋਮੀਟਰ ਤੇ ਬੱਸ ਸਟੈਂਡ ਬਠਿੰਡਾ ਤੋਂ ਗਿਦੜਬਾਹਾ- ਬਠਿੰਡਾ ਰੋਡ ‘ਤੇ 30 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

 

 

Gurdwara Text Courtesy :- Dr. Roop Singh, Secretary S.G.P.C.