ਗੁਰਦੁਆਰਾ ‘ਪਾਤਸ਼ਾਹੀ ਦਸਵੀਂ’ ਭਦੌੜ (ਸੰਗਰੂਰ)

ਗੁਰਦੁਆਰਾ ‘ਪਾਤਸ਼ਾਹੀ ਦਸਵੀਂ’ ਭਦੌੜ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ-ਛੋਹ ਪ੍ਰਾਪਤ ਧਰਤ ਸੁਹਾਵੀ ‘ਤੇ ਸੁਸ਼ੋਭਿਤ ਹੈ। ਗੁਰੂ ਗੋਬਿੰਦ ਸਿੰਘ ਜੀ ਦਸੰਬਰ, 1705 ਈ: ਵਿਚ ਦੀਨੇ-ਕਾਂਗੜ ਤੋਂ ਆਪਣੇ ਸੰਗੀ-ਸੇਵਕਾਂ ਗੁਰਸਿੱਖਾਂ ਨਾਲ ਸ਼ਿਕਾਰ ਖੇਡਦੇ ਹੋਏ ਇਸ ਅਸਥਾਨ ‘ਤੇ ਆਏ। ਉਸ ਸਮੇਂ ਇਹ ਇਲਾਕਾ ਬੇ-ਅਬਾਦ ਤੇ ਜੰਗਲ ਨੁਮਾ ਸੀ। ਗੁਰੂ ਜੀ ਨੇ ਇਲਾਕੇ ਦੇ ਮੁਖੀ-ਗੁਰੂ ਘਰ ਦੇ ਪ੍ਰੇਮੀ ਗੁਰਸਿੱਖ ਭਾਈ ਆਸਾ ਸਿੰਘ ਦੇ ਘਰ ਨਿਵਾਸ ਕੀਤਾ। ਪ੍ਰੇਮੀ ਗੁਰਸਿੱਖਾਂ ਨੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਯਾਦਗਾਰ ਕਾਇਮ ਕੀਤੀ। ਪਟਿਆਲਾ ਦੇ ਮਹਾਰਾਜਾ ਆਲਾ ਸਿੰਘ ਨੇ ਆਪਣੇ ਰਾਜ ਕਾਲ ਦੌਰਾਨ ਇਲਾਕੇ ਭਦੌੜ ਦੇ ਵਿਕਾਸ ਕਾਰਜ ਵਿਚ ਚੋਖਾ ਯੋਗਦਾਨ ਪਾਇਆ। ਗੁਰੂ ਗੋਬਿੰਦ ਸਿੰਘ ਸਬੰਧੀ ਬਣੇ ਯਾਦਗਾਰੀ ਸਥਾਨ ‘ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਕਰਵਾਈ ਅਤੇ ਗੁਰਦੁਆਰਾ ਸਾਹਿਬ ਦੇ ਨਾਮ ਕੁਝ ਜ਼ਮੀਨ ਜਗੀਰ ਦੇ ਰੂਪ ਵਿਚ ਲਗਵਾਈ।

ਵਿਸ਼ਵਾਸ ਕੀਤਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪ੍ਰੇਮੀ ਗੁਰਸਿੱਖਾਂ ਨੂੰ ਬਖ਼ਸ਼ਿਸ਼ ਰੂਪ ਵਿਚ ਕੁਝ ਸ਼ਸ਼ਤਰ ਭੇਂਟ ਕੀਤੇ, ਜੋ ਗੁਰਦੁਆਰਾ ਸਾਹਿਬ ਵਿਖੇ ਆਦਰ-ਸਤਿਕਾਰ ਸਹਿਤ ਸੰਭਾਲੇ ਹੋਏ ਹਨ। ਇਕ ਸ੍ਰੀ ਸਾਹਿਬ ਉਪਰ ‘ਸ੍ਰੀ ਅਕਾਲ ਸਹਾਇ ਪਾਤਸ਼ਾਹੀ ਦਸਵੀਂ’ ਉਕਰਿਆ ਹੋਇਆ ਹੈ।

ਖੰਡਰਾਤ ਹੋਏ ਪੁਰਾਤਨ ਕਿਲ੍ਹੇ ਦੀਆਂ ਨਿਸ਼ਾਨੀਆਂ ਵਿਚ ਗੁਰਦੁਆਰਾ ਸਾਹਿਬ ਦੀ 1995 ਈ: ਵਿਚ ਬਣੀ ਨਵੀਂ ਆਲੀਸ਼ਾਨ ਇਮਾਰਤ ਦੂਰੋਂ ਦਿਖਾਈ ਦਿੰਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਆਪਣੇ ਮੁਬਾਰਕ ਚਰਨ ਇਸ ਨਗਰ ਵਿਖੇ ਪਾਏ ਸਨ। ਉਨ੍ਹਾਂ ਦੀ ਆਮਦ ਦੀ ਯਾਦ ਵਿਚ ‘ਗੁਰਦੁਆਰਾ ਪਾਤਸ਼ਾਹੀ ਛੇਵੀਂ’ ਅਲੱਗ ਬਣਿਆ ਹੋਇਆ ਹੈ। ਇਨ੍ਹਾਂ ਦੋਹਾਂ ਹੀ ਇਤਿਹਾਸਕ ਅਸਥਾਨਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਨ੍ਹਾਂ ਇਤਿਹਾਸਕ ਅਸਥਾਨਾਂ ‘ਤੇ ਪਹਿਲੀ, ਪੰਜਵੀਂ, ਛੇਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਹੈ।

ਇਹ ਅਸਥਾਨ ਕਸਬਾ ਭਦੌੜ, ਤਹਿਸੀਲ ਬਰਨਾਲਾ-ਜ਼ਿਲ੍ਹਾ ਸੰਗਰੂਰ ਵਿਚ, ਬਰਨਾਲਾ ਰੇਲਵੇ ਸਟੇਸ਼ਨ ਤੋਂ 25 ਕਿਲੋਮੀਟਰ ਦੀ ਦੂਰੀ ‘ਤੇ ਬਰਨਾਲਾ-ਭਗਤਾ ਸੜਕ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.