ਗੁਰਦੁਆਰਾ ਪਾਤਸ਼ਾਹੀ ਦਸਵੀਂ ਹੇਹਰਾਂ (ਲੁਧਿਆਣਾ)

ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤ ਸੁਹਾਵੀ ‘ਤੇ ਸ਼ਸੋਭਿਤ ਹੈ, ‘ਗੁਰਦੁਆਰਾ ਪਾਤਸ਼ਾਹੀ ਦਸਵੀਂ, ਹੇਹਰਾਂ। ਗੁਰੂ-ਘਰ ਦਾ ਪ੍ਰੀਤਵਾਨ, ਉਦਾਸੀ ਮਹੰਤ ਕ੍ਰਿਪਾਲ ਦਾਸ ਇਸ ਪਿੰਡ ਦਾ ਰਹਿਣ ਵਾਲਾ ਸੀ, ਜਿਸ ਨੇ ਭੰਗਾਣੀ ਦੇ ਯੁੱਧ ਵਿਚ ਗੁਰ ਦੇਵ ਦਾ ਸਾਥ ਦਿੱਤਾ ਸੀ। ਗੁਰੂ ਗੋਬਿੰਦ ਸਿੰਘ ਜੀ, ਦਸੰਬਰ 1705 ਈ. ਵਿਚ ਸੀਲੋਆਣੀ ਤੋਂ ਹੁੰਦੇ ਹੋਏ, ਇਸ ਪਿੰਡ ਵਿਚ ਆਏ ਅਤੇ ਆਪਣੇ ਸੇਵਕ ਪਰਿਵਾਰ ਪਾਸ ਇਕ ਰਾਤ ਗੁਜ਼ਾਰੀ। ਪ੍ਰੇਮੀ ਗੁਰਸਿੱਖਾਂ ਨੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਯਾਦਗਾਰੀ ਅਸਥਾਨ ਦੀ ਉਸਾਰੀ ਕਰਵਾਈ ਜੋ ਸਿੱਖ ਧਰਮਸ਼ਾਲਾ ਵਜੋਂ ਜਾਣੀ ਜਾਂਦੀ ਰਹੀ। ਇਸ ਧਰਮਸ਼ਾਲਾ ਦਾ ਪ੍ਰਬੰਧ ਮਹੰਤ ਕ੍ਰਿਪਾਲ ਦਾਸ ਉਦਾਸੀ ਦੇ ਪਰਿਵਾਰ ਪਾਸ ਹੀ ਰਿਹਾ। ਸਿੱਖ ਰਾਜਕਾਲ ਦੌਰਾਨ ਇਸ ਧਰਮਸ਼ਾਲਾ ਨੂੰ ਕੁਝ ਜ਼ਮੀਨ ਜਗੀਰ ਦੇ ਰੂਪ ਵਿਚ ਦਿੱਤੀ ਗਈ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਆਇਆ। 15 ਜੂਨ 1951 ਨੂੰ ਪੁਰਾਣੀ ਇਮਾਰਤ ਦੀ ਥਾਂ ‘ਤੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨਿਰਮਾਣ ਕਾਰਜ ਆਰੰਭਿਆ ਗਿਆ। ਹੁਣ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਦੂਰੋਂ ਹੀ ਦਿਖਾਈ ਦਿੰਦੀ ਹੈ।

ਕਿਹਾ ਜਾਂਦਾ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਵੀ ਮਾਲਵਾ ਪ੍ਰਚਾਰ ਫੇਰੀ ਸਮੇਂ ਇਸ ਪਿੰਡ ਵਿਚ ਭਾਈ ਹਮੀਰੇ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਆਏ ਸਨ।

ਗੁਰਦੁਆਰਾ ਪਾਤਸ਼ਾਹੀ ਦਸਵੀਂ, ਹੇਹਰਾਂ ਵਿਖੇ ਗੁਰੂ ਨਾਨਕ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਸਾਲਾਨਾ ਜੋੜ ਮੇਲਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਵਧੀਆ ਹੈ। ਰਿਹਾਇਸ਼ ਵਾਸਤੇ ਵੀ ਕੁਝ ਕਮਰੇ ਬਣੇ ਹੋਏ ਹਨ। ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਲ ਕਮੇਟੀ ਰਾਹੀਂ ਕਰਦੀ ਹੈ।

ਇਹ ਅਸਥਾਨ ਪਿੰਡ ਹੇਹਰਾਂ, ਤਹਿਸੀਲ ਰਾਏਕੋਟ, ਜ਼ਿਲ੍ਹਾ ਲੁਧਿਆਣਾ ਵਿਚ, ਲੁਧਿਆਣਾ ਰੇਲਵੇ ਸਟੇਸ਼ਨ ਤੋਂ 25 ਕਿਲੋਮੀਟਰ ਅਤੇ ਰਾਏਕੋਟ ਤੋਂ 15 ਕਿਲੋਮੀਟਰ ਦੀ ਦੂਰੀ ‘ਤੇ ਲੁਧਿਆਣਾ-ਰਾਏਕੋਟ ਸੜਕ ‘ਤੇ ਸਥਿਤ ਹੈ।

ਵਧੇਰੇ ਜਾਣਕਾਰੀ 01624-33200 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.