ਗੁਰਦੁਆਰਾ ‘ਪਾਤਸ਼ਾਹੀ ਨੌਵੀਂ’ ਢਿਲਵਾਂ (ਸੰਗਰੂਰ)

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਲਵਾ ਪ੍ਰਚਾਰ ਫੇਰੀ ਸਮੇਂ ਹੁਡਿਆਇਆ ਤੋਂ ਚਲ ਕੇ ਨਾਭਾ-ਪਟਿਆਲਾ ਰਿਆਸਤ ਦੇ ਸਾਂਝੇ ਪਿੰਡ ਢਿਲਵਾਂ ਵਿਖੇ ਆਏ ਅਤੇ ਕੁਝ ਸਮਾਂ ਇਥੇ ਨਿਵਾਸ ਕੀਤਾ। ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਲੋਕਲ ਲੋਕ ਗੁਰੂ-ਘਰ ਦੇ ਸ਼ਰਧਾਲੂ ਬਣੇ। ਗੁਰੂ-ਘਰ ਦੇ ਪ੍ਰੀਤਵਾਨਾਂ ਨੇ ਗੁਰੂ ਜੀ ਦੀ ਯਾਦ ਵਿਚ ਮੰਜੀ ਸਾਹਿਬ ਦਾ ਨਿਰਮਾਣ ਕਰਵਾਇਆ। ਰਿਆਸਤ ਨਾਭਾ ਵੱਲੋਂ ਯਾਦਗਾਰ ਨੂੰ ਵਿਸਤਰਤ ਰੂਪ ਦਿੱਤਾ ਗਿਆ ਤੇ ਕੁਝ ਜ਼ਮੀਨ ਜਗੀਰ ਦੇ ਰੂਪ ਵਿਚ ਗੁਰੂ-ਘਰ ਦੇ ਨਾਮ ਲਗਵਾਈ ਗਈ। ਗੁਰਦੁਆਰਾ ਸਾਹਿਬ ਦੀ ਨਵੀਨਤਮ ਇਮਾਰਤ 1996 ਈ: ਵਿਚ ਸੰਪੂਰਨ ਹੋਈ। ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ।

ਗੁਰਦੁਆਰਾ ਪਾਤਸ਼ਾਹੀ ਨੌਵੀਂ ਢਿਲਵਾਂ ਵਿਖੇ ਪਹਿਲੀ-ਨੌਵੀਂ ਤੇ ਦਸਵੀਂ ਪਾਤਸ਼ਾਹੀ ਦੇ ਪ੍ਰਕਾਸ਼ ਗੁਰਪੁਰਬ ਤੇ ਪੰਜਵੀਂ ਤੇ ਨੌਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਅਤੇ ਖਾਲਸੇ ਦਾ ਸਿਰਜਣਾ ਦਿਵਸ, ਵਿਸਾਖੀ ਵਿਸ਼ੇਸ਼ ੂਪ ਵਿਚ ਮਨਾਏ ਜਾਂਦੇ ਹਨ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਹੈ।

ਇਹ ਅਸਥਾਨ ਪਿੰਡ ਢਿਲਵਾਂ, ਤਹਿਸੀਲ ਬਰਨਾਲਾ ਜ਼ਿਲ੍ਹਾ ਸੰਗਰੂਰ ਵਿਚ, ਬਰਨਾਲਾ ਤੋਂ ਤਪਾ ਰੋਡ ‘ਤੇ ਤਪਾ ਤੋਂ 4 ਕਿਲੋਮੀਟਰ ਅਤੇ ਬਰਨਾਲਾ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.