ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਹਾਦਰਗੜ (ਪਟਿਆਲਾ)

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਮਦ ਦੀ ਅਮਰ ਯਾਦਗਾਰ ਵਜੋਂ ਸੁਸ਼ੋਭਿਤ ਹੈ, ਗੁਰਦੁਆਰਾ ਪਾਤਸ਼ਾਹੀ ਨੌਵੀਂ ਬਹਾਦਰਗੜ੍ਹ। ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰੇਮ ਸੇਵਕ-ਪ੍ਰੇਮੀ ਸੈਫਖਾਨ ਨੇ ਪਟਿਆਲਾ ਦੇ ਨਜ਼ਦੀਕ ਸੈਫਾਬਾਦ ਨਗਰ ਵਸਾਇਆ ਤੇ ਇਕ ਕਿਲ੍ਹੇ ਦਾ ਨਿਰਮਾਣ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਸੈਫਖਾਨ ਦੇ ਸੱਦੇ ‘ਤੇ ਇਥੇ ਆਏ ਤੇ ਕੁਝ ਦਿਨ ਠਹਿਰੇ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਦੋ ਗੁਰਦੁਆਰੇ ਬਣੇ ਹੋਏ ਹਨ- ਇਕ ਕਿਲ੍ਹੇ ਦੇ ਅੰਦਰ ਹੈ ਤੇ ਦੂਸਰਾ ਬਾਹਰ।

ਪਟਿਆਲਾ ਦੇ ਮਹਾਰਾਜਾ ਅਮਰ ਸਿੰਘ ਨੇ 1774 ਈ: ਵਿਚ ਸੈਫਖਾਨ ਦੇ ਪਰਿਵਾਰ ਨੂੰ ਢੁਕਵੀਂ ਜਗੀਰ ਦੇ ਕੇ ਸੈਫਾਬਾਦ ਤੇ ਕਿਲ੍ਹਾ ਆਪਣੇ ਕਬਜ਼ੇ ਵਿਚ ਕਰ ਲਿਆ ਅਤੇ ਗੁਰੂ ਤੇਗ ਬਹਾਦਰ ਜੀ ਦੇ ਨਾਂ ‘ਤੇ ਨਗਰ ਦਾ ਨਾਂ ‘ਬਹਾਦਰ ਗੜ੍ਹ’ ਰੱਖਿਆ। ਸੈਫਾਬਾਦ ਦੇ ਕਿਲ੍ਹੇ ਨੂੰ ਨਵੇਂ ਸਿਰੇ ਤੋਂ ਤਾਮੀਰ ਕਰਵਾਇਆ ਗਿਆ।

ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਪਹਿਲਾਂ ਪਟਿਆਲਾ ਰਿਆਸਤ ਪਾਸ ਸੀ, ਹੁਣ ਸ਼੍ਰੋਮਣੀ ਗੁ:ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਹੈ।

ਇਹ ਪਾਵਨ ਅਸਥਾਨ ਬਹਾਦਰਗੜ੍ਹ ਨਗਰ ਜੋ ਤਹਿ:ਜ਼ਿਲ੍ਹਾ ਪਟਿਆਲਾ ਵਿਚ ਪਟਿਆਲਾ-ਰਾਜਪੁਰਾ ਰੋਡ ਤੋਂ ਇਕ ਕਿਲੋਮੀਟਰ ਤੇ ਰੇਲਵੇ ਸਟੇਸ਼ਨ ਪਟਿਆਲਾ ਤੋਂ 10 ਕਿਲੋਮੀਟਰ ਦੂਰੀ ‘ਤੇ ਪੰਜਾਬੀ ਯੂਨੀਵਰਸਟੀ ਨਜ਼ਦੀਕ ਸਥਿਤ ਹੈ। ਗੁਰਦੁਆਰਾ ਸਾਹਿਬ ਦੇ ਨਾਲ ਸਰੋਵਰ ਵੀ ਸ਼ੋਭਨੀਕ ਹੈ।

ਇਸ ਅਸਥਾਨ ‘ਤੇ ਪਹਿਲੀ ਨੌਵੀਂ ਤੇ ਦਸਵੀਂ ਪਾਤਸ਼ਾਹੀ ਦੇ ਆਗਮਨ ਗੁਰਪੁਰਬ ਤੇ ਨੌਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

ਯਾਤਰੂਆਂ ਦੀ ਰਿਹਾਇਸ਼-ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਹੈ। ਵਧੇਰੇ ਜਾਣਕਾਰੀ 0175-822629 ਫੋਨ ਨੰ: ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.