ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਰ੍ਹੇ

ਗੁਰਦੁਆਰਾ ਪਾਤਸ਼ਾਹੀ ਨੌਵੀਂ, ‘ਬਰ੍ਹੇ’ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਾਲਵਾ ਪ੍ਰਚਾਰ ਫੇਰੀ ਦੀ ਯਾਦ ਵਿਚ ਸੁਭਾਇਮਾਨ ਹੈ। ਗੁਰੂ ਜੀ ਤਲਵੰਡੀ ਸਾਬੋ ਤੋਂ ਧਰਮੂੰ ਦੇ ਕੋਟ ਗਏ ਤੇ ਧਰਮੂੰ ਦੇ ਕੋਟ ਤੋਂ ‘ਬਰ੍ਹੇ’ ਪਿੰਡ ਪਹੁੰਚੇ। ਪਿੰਡ ਵਾਸੀਆਂ ਨੇ ਗੁਰੂ ਜੀ ਦੀ ਬਹੁਤ ਟਹਿਲ-ਸੇਵਾ ਤੇ ਆਦਰ-ਸਤਿਕਾਰ ਕੀਤਾ। ਗੁਰੂ ਜੀ ਬਰਸਾਤ ਦੇ ਮਹੀਨੇ ਇਥੇ ਠਹਿਰੇ ਤੇ ਨਾਮ-ਬਾਣੀ ਦਾ ਪ੍ਰਚਾਰ ਕੀਤਾ। ਗੁਰੂ-ਘਰ ਦੇ ਪ੍ਰੀਤਵਾਨਾਂ ਨੇ ਜਿਸ ਜਗ੍ਹਾ ‘ਤੇ ਗੁਰੂ ਜੀ ਬਿਰਾਜੇ ਸਨ, ‘ਮੰਜੀ ਸਾਹਿਬ’ ਦੇ ਅਸਥਾਨ ‘ਤੇ ਗੁਰਦੁਆਰੇ ਦਾ ਨਿਰਮਾਣ ਕਰਵਾਇਆ। ਰਿਆਸਤ ਪਟਿਆਲਾ ਵੱਲੋਂ ਇਸ ਇਤਿਹਾਸਕ ਅਸਥਾਨ ਨੂੰ ਕੁਝ ਜ਼ਮੀਨ-ਜਾਇਦਾਦ ਭੇਂਟ ਕੀਤੀ ਗਈ। ਇਸ ਅਸਥਾਨ ‘ਤੇ ਹੁਣ ਤਿੰਨ ਮੰਜ਼ਲੀ ਇਮਾਰਤ ਸੁਭਾਇਮਾਨ ਹੈ। ਇਸ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ, ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਵਿਸਾਖੀ ਦਾ ਦਿਹਾੜਾ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਵਧੀਆ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਦੋ ਕਮਰੇ ਹਨ। ਗੁਰਮਤਿ ਗਿਆਨ ਦੇ ਪ੍ਰਸਾਰ ਲਈ ਲਾਇਬ੍ਰੇਰੀ ਵੀ ਹੈ। ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋਂ ਲੋਕਲ ਕਮੇਟੀ ਰਾਹੀਂ ਕੀਤਾ ਜਾਂਦਾ ਹੈ।

ਇਹ ਅਸਥਾਨ ਪਿੰਡ ਬਰ੍ਹੇ, ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ਵਿਚ, ਰੇਲਵੇ ਸਟੇਸ਼ਨ ਬੁਢਲਾਡਾ ਤੋਂ ੫ ਕਿਲੋਮੀਟਰ ਤੇ ਬੱਸ ਸਟੈਂਡ ਬੁਢਲਾਡਾ ਤੋਂ ੭ ਕਿਲੋਮੀਟਰ ਦੀ ਦੂਰੀ ‘ਤੇ ਬਰਨਾਲਾ ਭੀਖੀ-ਬੁਢਲਾਡਾ ਰੋਡ ‘ਤੇ ਸਥਿਤ ਹੈ।

 

Gurdwara Text Courtesy :- Dr. Roop Singh, Secretary S.G.P.C.