ਗੁਰਦੁਆਰਾ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ

ਬਾਬਾ ਬਕਾਲਾ ਅੰਮ੍ਰਿਤਸਰ ਜ਼ਿਲ੍ਹੇ ਦਾ ਪ੍ਰਮੁੱਖ ਧਾਰਮਿਕ-ਇਤਿਹਾਸਕ ਨਗਰ ਹੈ। ਪਾਤਸ਼ਾਹ, ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਵਿਆਹ ਇਸ ਨਗਰ ਵਿਚ ਹੀ ਭਾਈ ਹਰੀ ਚੰਦ ਲੱਧੇ ਦੀ ਸਪੁੱਤਰੀ ਬੀਬੀ ਨਾਨਕੀ ਨਾਲ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਕਾਫੀ ਸਮਾਂ ਆਪਣੇ ਨਾਨਕੇ ਨਗਰ ‘ਬਕਾਲੇ’ ਮਾਤਾ ਨਾਨਕੀ ਤੇ ਆਪਣੀ ਧਰਮ ਸੁਪਤਨੀ ਮਾਤਾ ਗੁਜਰੀ ਜੀ ਨਾਲ ਰਹੇ। ਆਪ ਜੀ ਨੇ ਇਹ ਸਮਾਂ ਨਾਮ-ਸਿਮਰਨ, ਪ੍ਰਭੂ ਭਗਤੀ ਵਿਚ ਲਗਾ ਕੇ ਸਕਾਰਥ ਕੀਤਾ।

ਅਠਵੇਂ ਨਾਨਕ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਤਮ-ਅੰਮ੍ਰਿਤ ਬਚਨ ‘ਬਾਬਾ ਬਕਾਲੇ’ ਗੁਰੂ ਤੇਗ ਬਹਾਦਰ ਜੀ ਦੇ ਨੌਵੇਂ ਨਾਨਕ ਦੇ ਰੂਪ ਵਿਚ ਗੁਰਗੱਦੀ ‘ਤੇ ਬਿਰਾਜਮਾਨ ਹੋਣ ਵੱਲ ਸਪੱਸ਼ਟ ਸੰਕੇਤ ਕਰਦੇ ਸਨ ਪਰ ਬਹੁਤ ਸਾਰੇ ਬਹੁਰੂਪੀਏ, ਡੰਮੀ-ਪਾਖੰਡੀ ਗੁਰੂ ਇਨ੍ਹਾਂ ਸ਼ਬਦਾਂ ਦਾ ਲਾਹਾ ਲੈਣ ਲਈ ‘ਬਕਾਲੇ’ ਨਗਰ ਵਿਚ ਆਪੋ-ਆਪਣੀਆਂ ਦੁਕਾਨਾਂ ਸਜਾ ਕੇ ਬੈਠ ਗਏ। ਗੁਰੂ ਤੇਗ ਬਹਾਦਰ ਜੀ ਤਾਂ ਉਸ ਸਮੇਂ ਇਕਾਂਤ ਵਾਸ ਪ੍ਰਭੂ-ਭਗਤੀ ਵਿਚ ਮਗਨ ਸਨ ਪਰ ਆਪ ਸਿੱਖ ਸੰਗਤਾਂ ਗੁਰੂ-ਘਰ ਦੇ ਸ਼ਰਧਾਲੂ, ਪਾਖੰਡੀ ਧਾਰਮਿਕ ਗੁਰੂਆਂ ਦੀ ਦੁਕਾਨਦਾਰੀ ਤੋਂ ਡਾਢੇ ਪਰੇਸ਼ਾਨ ਸਨ।

ਅਖੀਰ ਇਕ ਦਿਨ ਗੁਰੂ ਘਰ ਦੇ ਪ੍ਰੀਤਵਾਨ ਗੁਰਸਿੱਖ ਭਾਈ ਮੱਖਣ ਸ਼ਾਹ ਨੇ ‘ਸਾਚੋ ਗੁਰੂ ਲਾਧੋ ਰੇ’ ਦਾ ਉਂਚੀ ਆਵਾਜ਼ ਦੇ ਕੇ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਸੰਗਤਾਂ ਨੂੰ ਕਰਵਾ, ਦੁਬਿਧਾ ਦੂਰ ਕਰਦਿਆਂ ਪਾਖੰਡੀ ਗੁਰੂਆਂ ਦੇ ਪਾਖੰਡ ਨੂੰ ਦੂਰ ਕੀਤਾ। ਗੁਰੂ ਤੇਗ ਬਹਾਦਰ ਜੀ ਇਸ ਅਸਥਾਨ ‘ਤੇ ਹੀ ਨੌਵੇਂ ਨਾਨਕ ਦੇ ਰੂਪ ਵਿਚ ਗੁਰਗੱਦੀ ‘ਤੇ ਬਿਰਾਜਮਾਨ ਹੋਏ। ਧੀਰ-ਮੱਲੀਏ ਵੀ ਕਈ ਵਾਰ ਗੁਰੂ-ਘਰ ‘ਤੇ ਹਮਲਾਵਰ ਹੋਏ ਪਰ ਸੱਚ ਪ੍ਰਗਟ ਹੋ ਕੇ ਹੀ ਰਿਹਾ। ਇਸ ਇਤਿਹਾਸਕ ਨਗਰੀ ਵਿਚ ਹੀ ਮਾਤਾ ਗੰਗਾ ਜੀ ਨੇ ਅੰਤਮ ਸੁਆਸ ਲਏ। ਗੁਰਦੁਆਰਾ ਬਾਬਾ ਬਕਾਲੇ ਦੀ ਆਲੀਸ਼ਾਨ ਇਮਾਰਤ ਦੇ ਦਰਸ਼ਨ ਦੂਰ-2 ਤੋ ਹੁੰਦੇ ਹਨ। ਇਸ ਧਾਰਮਿਕ ਅਸਥਾਨ ਦਾ ਪ੍ਰਬੰਧ ਪਹਿਲਾਂ ਲੋਕਲ ਕਮੇਟੀ ਕਰਦੀ ਸੀ ਹੁਣ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ।

ੲਸ ਪਵਿੱਤਰ ਅਸਥਾਨ ‘ਤੇ ਪਹਿਲੀ ਪਾਤਸ਼ਾਹੀ, ਨੌਵੀ ‘ਤੇ ਦਸਵੀਂ ਪਾਤਸ਼ਾਹੀ ਦੇ ਗੁਰਪੁਰਬ, ਗੁਰਗੱਦੀ ਦਿਵਸ ਤੇ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ।

ਗੁਰਦੁਆਰਾ ਭੋਰਾ ਸਾਹਿਬ, ਗੁਰਦੁਆਰਾ ਸ਼ੀਸ਼ ਮਹਿਲ, ਗੁਰਦੁਆਰਾ ਮੰਜੀ ਸਾਹਿਬ ਆਦਿ.. ਇਤਿਹਾਸਕ ਅਸਥਾਨ ਵੀ ਬਾਬੇ ਬਕਾਲੇ ਦੀ ਇਤਿਹਾਸਕ ਮਹੱਤਤਾ ਨੂੰ ਉਜਾਗਰ ਕਰਦੇ ਹਨ।

ਬਾਬਾ ਬਕਾਲਾ ਨਗਰ ਅੰਮ੍ਰਿਤਸਰ-ਦਿੱਲੀ ਰੇਲਵੇ ਲਾਈਨ ਦੇ ਬਿਆਸ ਸਟੇਸ਼ਨ ਤੋਂ ਕੇਵਲ 4 ਕਿਲੋਮੀਟਰ ਦੀ ਦੂਰੀ ‘ਤੇ ਜਲੰਧਰ-ਬਟਾਲਾ ਰੋਡ ‘ਤੇ ਸਥਿਤ ਹੈ। ਸੜਕੀ ਮਾਰਗ ਰਾਹੀਂ ਇਹ ਨਗਰ ਬਟਾਲਾ, ਜਲੰਧਰ, ਅੰਮ੍ਰਿਤਸਰ ਆਦਿ ਸ਼ਹਿਰਾਂ ਨਾਲ ਜੁੜਿਆ ਹੈ।

ਇਸ ਪਵਿੱਤਰ ਅਸਥਾਨ ‘ਤੇ ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਵਧੇਰੇ ਜਾਣਕਾਰੀ ਲਈ 01853-45575 ਨੰਬਰ ਦੀ ਸਹੂਲਤ ਪ੍ਰਾਪਤ ਹੈ।

 

Gurdwara Text Courtesy :- Dr. Roop Singh, Secretary S.G.P.C.