ਗੁਰਦੁਆਰਾ ਪ੍ਰਕਾਸ਼ ਅਸਥਾਨ ਪਾਤਸ਼ਾਹੀ ਛੇਵੀਂ, ਗੁਰੂ ਕੀ ਵਡਾਲੀ

ਗੁਰਦੁਆਰਾ ਪ੍ਰਕਾਸ਼ ਅਸਥਾਨ ਪਾਤਸ਼ਾਹੀ ਛੇਵੀਂ, ਗੁਰੂ ਕੀ ਵਡਾਲੀ, ਉਹ ਪਵਿੱਤਰ ਪਾਵਨ ਅਸਥਾਨ ਹੈ, ਜਿਥੇ ਮੀਰੀ-ਪੀਰੀ ਦੇ ਮਾਲਕ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਪ੍ਰਕਾਸ਼ 21 ਹਾੜ, ਸੰਮਤ 1652 (14 ਜੂਨ, 1595) ਨੂੰ ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਜੀ ਦੇ ਘਰ, ਮਾਤਾ ਗੰਗਾ ਜੀ ਦੇ ਉਦਰ ਤੋਂ ਹੋਇਆ। ਗੁਰੂ ਅਰਜਨ ਦੇਵ ਜੀ ਆਪਣੇ ਵੱਡੇ ਭਾਈ ਪ੍ਰਿਥੀ ਚੰਦ ਦੀ ਵਿਰੋਧਤਾ ਕਾਰਨ, ਗੁਰੂ ਕੀ ਵਡਾਲੀ ਨਗਰ ਵਿਖੇ ਪਰਿਵਾਰ ਸਮੇਤ ਕੁਝ ਸਮੇਂ ਤੋਂ ਨਿਵਾਸ ਰੱਖ ਰਹੇ ਸਨ। ਗੁਰੂ ਹਰਿਗੋਬਿੰਦ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਇਕਲੌਤੇ ਸਪੁੱਤਰ ਸਨ। ਬਾਲ ਹਰਿਗੋਬਿੰਦ ਜੀ ਦੇ ਪ੍ਰਗਟ ਹੋਣ ਨਾਲ ਪਰਿਵਾਰ ਤੇ ਸਿੱਖ ਸੰਗਤਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਪ੍ਰਿਥੀ ਚੰਦ, ਬਾਲ ਹਰਿਗੋਬਿੰਦ ਦੇ ਪ੍ਰਕਾਸ਼ ਨੂੰ ਆਪਣੇ ਸੁਆਰਥਾਂ ਦੇ ਰਸਤੇ ਵਿਚ ਰੋੜਾ ਸਮਝਦਾ ਸੀ। ਉਸ ਨੇ ਆਪਣੀ ਲਾਲਚੀ ਬਿਰਤੀ ਦੀ ਪੂਰਤੀ ਲਈ ਬਾਲ ਹਰਿਗੋਬਿੰਦ ਜੀ ਦੀ ਜੀਵਨ ਲੀਲ੍ਹਾ ਨੂੰ ਸਮਾਪਤ ਕਰਨ ਲਈ ਹਰ ਸੰਭਵ ਯਤਨ ਕੀਤਾ ਤਾਂ ਜੋ ਉਹ ਆਪਣੇ ਸਪੁੱਤਰ ਨੂੰ ਗੁਰਗੱਦੀ ਦਾ ਵਾਰਸ ਸਾਬਤ ਕਰ ਸਕੇ। ਪਰ ਬਾਲਕ ਹਰਿਗੋਬਿੰਦ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਨਵੇਂ ਨਰੋਏ ਰਹੇ।

ਗੁਰੂ ਹਰਿਗੋਬਿੰਦ ਜੀ ਨੇ ਆਪਣੇ ਬਾਲ ਵਰੇਸ ਦੇ ਪਹਿਲੇ ਦਿਨ ‘ਗੁਰੂ ਕੀ ਵਡਾਲੀ’ ਦੀ ਧਰਤੀ ‘ਤੇ ਵਿਚਰ ਕੇ ਸੁਕਾਰਥ ਕੀਤੇ।

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ‘ਗੁਰਗੱਦੀ’ ‘ਤੇ ਬਿਰਾਜਮਾਨ ਹੋਣ ਪਿੱਛੋਂ ਵੀ ਆਪਣੇ ਮੁਬਾਰਕ ਚਰਨ ਇਸ ਧਰਤੀ ‘ਤੇ ਪਾਏ। ਯਾਦਗਾਰ ਵਜੋਂ ਗੁਰਦੁਆਰਾ ਦਮਦਮਾ ਸਾਹਿਬ ਸ਼ੋਭਨੀਕ ਹੈ।

ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ ‘ਤੇ ਅਮਰ ਯਾਦਗਾਰ ਵਜੋਂ ਸੁੰਦਰ ਗੁਰਦੁਆਰਾ ਸ਼ਸ਼ਭਿਤ ਹੈ। ਇਸ ਗੁਰਦੁਆਰੇ ਨੂੰ ਗੁਰਦੁਆਰਾ ਅਟਾਰੀ ਸਾਹਿਬ ਵੀ ਕਿਹਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਮੌਜੂਦਾ ਪੰਜ-ਮੰਜ਼ਲੀ ਸ਼ਾਨਦਾਰ ਇਮਾਰਤ ਦਾ ਨਿਰਮਾਣ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਕਰਵਾਇਆ। ਗੁਰਦੁਆਰਾ ਸਾਹਿਬ ਦੇ ਪ੍ਰਵੇਸ਼ ਦੁਆਰ ‘ਤੇ ‘ਮੀਰੀ-ਪੀਰੀ’ ਦੇ ਪ੍ਰਤੀਕ ਦੋ ਕੇਸਰੀ ਪਰਚਮ ਝੂਲਦੇ ਦੂਰੋਂ ਦਿਖਾਈ ਦਿੰਦੇ ਹਨ। ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਾਸ ਹੈ। ਗੁਰਦੁਆਰਾ ਗੁਰੂ ਕੀ ਵਡਾਲੀ ਤੇ ਗੁਰਦੁਆਰਾ ਛੇਹਰਟਾ ਸਾਹਿਬ ਦਾ ਪ੍ਰਬੰਧ ਇਕ ਹੀ ਮੈਨੇਜਰ ਅਧੀਨ ਹੈ।

ਇਸ ਪਾਵਨ ਅਸਥਾਨ ‘ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਵਿਸ਼ੇਸ਼ ਰੂਪ ਵਿਚ ਮਨਾਇਆ ਜਾਂਦਾ ਹੈ। ਹਜ਼ਾਰਾਂ ਸੰਗਤਾਂ ਗੁਰੂ-ਚਰਨਾਂ ਦੀ ਛੋਹ ਪ੍ਰਾਪਤ ਕਰਨ ਲਈ ਹਾਜ਼ਰ ਹੁੰਦੀਆਂ ਹਨ। ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਸੁਚੱਜਾ ਹੈ।

ਸ੍ਰੀ ਅੰਮ੍ਰਿਤਸਰ ਲਾਹੌਰ ਸ਼ਾਹ ਰਾਹ ‘ਤੇ ‘ਛੇਹਰਟਾ’ ਬੱਸ ਸਟੈਂਡ ਤੋਂ ਇਹ ਇਤਿਹਾਸਕ ਅਸਥਾਨ ਦੋ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਛੇਹਰਟਾ ਅੰਮ੍ਰਿਤਸਰ-ਲਾਹੌਰ ਰੇਲਵੇ ਲਾਈਨ ਤੋਂ ਪਹਿਲਾ ਸਟੇਸ਼ਨ ਹੈ ਜੋ ਬੱਸ ਸਟੈਂਡ ਅੰਮ੍ਰਿਤਸਰ ਤੋਂ 8 ਕਿਲੋਮੀਟਰ ਦੀ ਦੂਰੀ ‘ਤੇ ਹੈ।

ਵਧੇਰੇ ਜਾਣਕਾਰੀ ਲਈ 0183-258147 ਫ਼ੋਨ ਨੰਬਰ ਦੀ ਸਹੂਲਤ ਪ੍ਰਾਪਤ ਹੈ।

 

Gurdwara Text Courtesy :- Dr. Roop Singh, Secretary S.G.P.C.