ਗੁਰਦੁਆਰਾ ਬਾਬਾ ਅਜਾਪਾਲ ਸਿੰਘ (ਘੋੜਿਆਂ ਵਾਲਾ) ਨਾਭਾ (ਪਟਿਆਲਾ)

ਇਹ ਇਤਿਹਾਸਕ ਅਸਥਾਨ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦੇ ਅਨਿਨ ਸ਼ਰਧਾਲੂ ਪ੍ਰੀਤਵਾਨ ਗੁਰਸਿੱਖ, ਬਾਬਾ ਅਜਾਪਾਲ ਸਿੰਘ ਵੱਲੋਂ ਸਥਾਪਤ ਗੁਰਸਿੱਖੀ ਪ੍ਰਚਾਰ-ਪ੍ਰਸਾਰ ਕੇਂਦਰ ਦੀ ਯਾਦ ਤਾਜ਼ਾ ਕਰਵਾਉਂਦਾ ਹੈ। ਕਿਹਾ ਜਾਂਦਾ ਹੈ ਕਿ ਬਾਬਾ ਅਜਾਪਾਲ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਨਗਾਰਚੀ ਸਨ, ਜਿਨ੍ਹਾਂ ਨੇ 1673 ਈ: ਤੋਂ ਲੈ ਕੇ 1712 ਈ: ਤਕ ਨਾਭੇ ਦੀ ਇਕ ਝਿੜੀ ਵਿਚ ਨਿਵਾਸ ਕਰ ਸਿੱਖ ਧਰਮ ਸ਼ਾਸਤਰ, ਸ਼ਸਤਰ ਵਿੱਦਿਆ, ਘੋੜ ਸਵਾਰੀ ਤੇ ਨਾਮ ਬਾਣੀ ਦਾ ਪ੍ਰਚਾਰ ਕਰਕੇ ਅਨੇਕਾਂ ਸੰਸਾਰਿਕ ਜੀਵਾਂ ਨੂੰ ‘ਖਾਲਸਾ ਪੰਥ’ ਦਾ ਹਿੱਸਾ ਬਣਾਇਆ। ਜੇਠ ਸੁਦੀ 5 ਸੰਮਤ 1769 (1812 ਈ:) ਨੂੰ ਬਾਬਾ ਅਜਾਪਾਲ ਸਿੰਘ ਜੀ ਇਥੇ ਹੀ ਗੁਰਪੁਰੀ ਪਿਆਨਾ ਕਰ ਗਏ। ਬਾਬਾ ਜੀ ਤੋਂ ਪਿੱਛੋਂ ਗੁਰਮਤਿ ਦੇ ਪ੍ਰਚਾਰ ਕੇਂਦਰ ਦੀ ਸੇਵਾ-ਸੰਭਾਲ, ਭਾਈ ਕਾਨ੍ਹ ਸਿੰਘ ਨਾਭਾ ਦੇ ਬਜ਼ੁਰਗ ਬਾਬਾ ਸਰੂਪ ਸਿੰਘ ਨੇ ਸੰਭਾਲੀ ਤੇ ‘ਨਾਨਕ ਨਿਰਮਲ ਪੰਥ’ ਦੇ ਪ੍ਰਚਾਰ ਕਾਰਜ ਨੂੰ ਜਾਰੀ ਰੱਖਿਆ। ਬਾਬਾ ਸਰੂਪ ਸਿੰਘ ਤੋਂ ਪਿੱਛੋਂ ਬਾਬਾ ਨਾਰਾਯਣ ਸਿੰਘ, ਬਾਬਾ ਬਿਸ਼ਨ ਸਿੰਘ ਸਮੇਂ-2 ਗੁਰਮਤਿ ਦੇ ਇਸ ਪ੍ਰਚਾਰ ਕੇਂਦਰ ਨੂੰ ਚਲਾਉਂਦੇ ਰਹੇ। ਸਰਧਾਲੂ ਇਸ ਅਸਥਾਨ ‘ਤੇ ਵਧੀਆ ਘੋੜੇ ਭੇਟ ਕਰਦੇ ਰਹੇ ਜਿਸ ਕਰਕੇ ‘ਘੋੜਿਆਂ ਵਾਲਾ’ ਸ਼ਬਦ ਇਸ ਗੁਰਦੁਆਰੇ ਨਾਲ ਜੁੜ ਗਿਆ।

1 ਜਨਵਰੀ, 1987 ਈ: ਨੂੰ ਇਸ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਆਇਆ। ਗੁਰਦੁਆਰਾ ਸਾਹਿਬ ਦੀ ਅਤਿ ਸੁੰਦਰ ਇਮਾਰਤ ਸ਼ੋਭਨੀਕ ਹੈ। ਬਾਬਾ ਅਜਾਪਾਲ ਸਿੰਘ ਦੇ ਸ਼ਸਤਰ, ਬਸਤਰ ਤੇ ਦੋ ਵੱਡੇ ਨਗਾਰੇ ਮੌਜੂਦ ਹਨ।

ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਪੰਥਕ ਜਾਹੋ ਜਲਾਲ ਨਾਲ ਇਸ ਅਸਥਾਨ ‘ਤੇ ਮਨਾਇਆ ਜਾਂਦਾ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ 6 ਕਮਰੇ ਹਨ।

ਇਹ ਇਤਿਹਾਸਕ ਗੁਰਦੁਆਰਾ ਪਟਿਆਲਾ ਤੋਂ 29 ਕਿਲੋਮੀਟਰ, ਭਵਾਨੀਗੜ੍ਹ ਤੋਂ 23 ਕਿਲੋਮੀਟਰ, ਸੰਗਰੂਰ ਤੋਂ 34 ਕਿਲੋਮੀਟਰ ਦੀ ਦੂਰੀ ‘ਤੇ ਅਲਹੋਰਾ ਗੇਟ ਨਾਭਾ ਦੇ ਨਜ਼ਦੀਕ ਸਥਿਤ ਹੈ।

ਵਧੇਰੇ ਜਾਣਕਾਰੀ ਲਈ 01765/20619 ਫੋਨ ਨੰਬਰ ਦੀ ਸਹੂਲਤ ਉਪਲਬਧ ਹੈ।

 

Gurdwara Text Courtesy :- Dr. Roop Singh, Secretary S.G.P.C.