ਅੰਮ੍ਰਿਤਸਰ : 30 ਜੂਨ (      )
 ਬ੍ਰਹਮਲੀਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਵੱਲੋਂ ਵਰੋਸਾਏ ਸੰਤ ਬਾਬਾ ਪਰਮਜੀਤ ਸਿੰਘ ਅਤੇ ਚਰਨ ਸੇਵਕ ਡਾ: ਧਰਮਜੀਤ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਜੀ ਵਿਖੇ ਚਾਂਦੀ ਤੇ ਪਿੱਤਲ ਦੇ ਦਰਵਾਜ਼ਿਆਂ ਦੀ ਸੰਪੂਰਨਤਾ ਅਤੇ ਸੋਨੇ ਦੀ ਪਾਲਕੀ ਸਾਹਿਬ ਦੀ ਸੇਵਾ ਦੀ ਆਰੰਭਤਾ ਕੀਤੀ ਗਈ।ਭਾਈ ਰਣਜੀਤ ਸਿੰਘ ਗ੍ਰੰਥੀ ਵੱਲੋਂ ਅਰਦਾਸ ਕਰਨ ਉਪਰੰਤ ਚਾਂਦੀ ਦੇ ਦਰਵਾਜ਼ੇ ਲਗਾਉਣ ਤੇ ਸੋਨੇ ਦੀ ਪਾਲਕੀ ਦੀ ਆਰੰਭਤਾ ਕਰਨ ਦੀ ਸੇਵਾ ਬਾਬਾ ਗੁਰਮੁਖ ਸਿੰਘ ਬੱਚੀ ਪਿੰਡ, ਡਾ: ਧਰਮਜੀਤ ਸਿੰਘ, ਸ੍ਰ: ਸੁਲੱਖਣ ਸਿੰਘ ਮੈਨੇਜਰ, ਸ੍ਰ: ਜੋਗਿੰਦਰ ਸਿੰਘ ਮੀਤ ਪ੍ਰਧਾਨ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਅਤੇ ਭਾਈ ਜਗਤਾਰ ਸਿੰਘ ਨੇ ਨਿਭਾਈ।

ਡਾ: ਧਰਮਜੀਤ ਸਿੰਘ ਨੇ ਕਿਹਾ ਕਿ ਸੋਨੇ ਦੀ ਇਸ ਪਾਲਕੀ ਵਿੱਚ ਸਾਗਵਾਨ ਦੀ ਲੱਕੜ, ਤਾਂਬਾ ਅਤੇ 24 ਕੈਰਟ ਦੇ ਸੋਨੇ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਚਾਂਦੀ ਦਾ ਇਕ ਮੇਨ ਦਰਵਾਜ਼ਾ ਤੇ ਪੰਜ ਜੋੜੀਆਂ ਦਰਵਾਜ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਅਸਥਾਨ ਤੇ ਲਗਾਏ ਗਏ ਹਨ।ਇਸ ਦੇ ਇਲਾਵਾ ਤਿੰਨ ਪਿੱਤਲ ਦੇ ਦਰਵਾਜ਼ਿਆਂ ਦੀ ਸੇਵਾ ਮੁਕੰਮਲ ਹੋ ਚੁੱਕੀ ਹੈ।ਉਨ੍ਹਾਂ ਕਿਹਾ ਕਿ ਸੇਵਾ ਤੇ ਸਿਮਰਨ ਸਿੱਖੀ ਦਾ ਮੂਲ ਸਿਧਾਂਤ ਹੈ, ਜੋ ਗੁਰੂ ਸਾਹਿਬਾਨ ਵੱਲੋਂ ਬਖਸ਼ਿਆ ਗਿਆ ਹੈ।ਉਨ੍ਹਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਸਦਕਾ ਸ਼੍ਰੋਮਣੀ ਕਮੇਟੀ ਵੱਲੋਂ ਬਖਸ਼ੀ ਗਈ ਸੇਵਾ ਤਨੋ-ਮਨੋ ਹੋ ਕੇ ਨਿਭਾਈ ਜਾਵੇਗੀ।ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵਸਦੀਆਂ ਸਮੂਹ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਇਸ ਸੇਵਾ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ। ਬਾਬਾ ਗੁਰਮੁਖ ਸਿੰਘ ਅਤੇ ਡਾ: ਧਰਮਜੀਤ ਸਿੰਘ ਵੱਲੋਂ ਸਮਾਗਮ ਵਿੱਚ ਸ਼ਾਮਿਲ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਭਾਈ ਕ੍ਰਿਸ਼ਨਪਾਲ ਸਿੰਘ, ਭਾਈ ਸਵਿੰਦਰ ਸਿੰਘ ਗ੍ਰੰਥੀ, ਸ੍ਰ: ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ੍ਰ: ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ੍ਰ: ਮਲਕੀਤ ਸਿੰਘ ਬਹਿੜਵਾਲ ਸਹਾਇਕ ਸੁਪ੍ਰਿੰਟੈਂਡੈਂਟ ਅਤੇ ਸ਼੍ਰੋਮਣੀ ਕਮੇਟੀ ਦਾ ਸਟਾਫ਼ ਹਾਜ਼ਰ ਸਨ।