ਗੁਰਦੁਆਰਾ ਬਾਬਾ ਗਾਂਧਾ ਸਿੰਘ, ਬਰਨਾਲਾ (ਸੰਗਰੂਰ)

ਬਾਬਾ ਆਲਾ ਸਿੰਘ ਦੀ ਸਪੁੱਤਰੀ ਬੀਬੀ ਪਰਧਾਨ ਕੌਰ ਬਹੁਤ ਹੀ ਵਿਦਵਾਨ ਤੇ ਧਾਰਮਿਕ ਪਰਵਿਰਤੀ ਦੀ ਮਾਲਕ ਸੀ। ਬੀਬੀ ਪਰਧਾਨ ਕੌਰ ਦਾ ਵਿਆਹ ਭਾਈ ਸਾਧ ਸਿੰਘ (ਪ੍ਰਚਲਤ ਨਾਂ ਭਾਈ ਮੋਹਰ ਸਿੰਘ) ਨਾਲ ਬਰਨਾਲੇ ਵਿਖੇ ਹੋਇਆ। ਪਰ ਜਲਦੀ ਹੀ ਇਨ੍ਹਾਂ ਦਾ ਪਤੀ ਗੁਰਪੁਰੀ ਪਿਆਨਾ ਕਰ ਗਿਆ। ਬੀਬੀ ਪਰਧਾਨ ਕੌਰ ਨੇ ਗੁਰਮਤਿ ਗਿਆਨ ਦੇ ਪ੍ਰਚਾਰ-ਪ੍ਰਸਾਰ ਤੇ ਪੰਥ ਦੇ ਭਲੇ ਹਿਤ ਵਿਦਿਅਕ ਕੇਂਦਰ ਸਥਾਪਤ ਕਰਨ ਦੀ ਇੱਛਾ ਨਾਲ ਬਹੁਤ ਸਾਰੀ ਜ਼ਮੀਨ-ਜ਼ਾਇਦਾਦ ਭੇਂਟ ਕਰਕੇ ‘ਧਾਰਮਿਕ-ਵਿਦਿਅਕ ਕੇਂਦਰ’ ਦੀ ਸਥਾਪਨਾ ਕੀਤੀ, ਜਿਸ ਨੂੰ ਅੱਜਕਲ੍ਹ ਗੁਰਦੁਆਰਾ ਬਾਬਾ ਗਾਂਧਾ ਸਿੰਘ ਕਿਹਾ ਜਾਂਦਾ ਹੈ। ਧਾਰਮਿਕ-ਵਿਦਿਅਕ ਕੇਂਦਰ ਨੂੰ ਸਚਾਰੂ ਢੰਗ ਨਾਲ ਚਲਾਉਣ ਲਈ ਸੰਤ ਨਿੱਕਾ ਸਿੰਘ (ਨਿਰਮਲੇ) ਦੀ ਸੇਵਾ ਪ੍ਰਾਪਤ ਕੀਤੀ ਗਈ। ਕਿਹਾ ਜਾਂਦਾ ਹੈ ਕਿ ਗਿਆਨੀ ਗਿਆਨ ਸਿੰਘ ਨੇ ਵੀ ਕੁਝ ਸਮਾਂ ਇਥੇ ਰਹਿ ਕੇ ‘ਗਿਆਨ’ ਦੀ ਪ੍ਰਾਪਤੀ ਕੀਤੀ। ਸੰਤ ਨਿੱਕਾ ਸਿੰਘ ਤੋਂ ਪਿਛੋਂ ਮਹੰਤ ਭਾਗ ਸਿੰਘ ਸਿੰਘ ਤੇ ਬਾਬਾ ਗਾਂਧਾ ਸਿੰਘ ਕਾਫ਼ੀ ਸਮਾਂ ਇਸ ਅਸਥਾਨ ਦੇ ਪ੍ਰਬੰਧਕ ਰਹੇ। ਬਾਬਾ ਗਾਂਧਾ ਸਿੰਘ ਜੀ ਨੇ ‘ਧਾਰਮਿਕ ਵਿਦਿਅਕ ਕੇਂਦਰ’ ਦੀ ਐਸੀ ਭੈ-ਭਾਵਨੀ ਨਾਲ ਸੇਵਾ-ਸੰਭਾਲ ਕੀਤੀ ਕਿ ਇਹ ਅਸਥਾਨ ਉਨ੍ਹਾਂ ਦੇ ਨਾਂ ‘ਤੇ ਗੁਰਦੁਆਰਾ ਬਾਬਾ ਗਾਂਧਾ ਸਿੰਘ ਬਰਨਾਲਾ ਵਜੋਂ ਪ੍ਰਸਿੱਧ ਹੋਇਆ। ਗੁਰਦੁਆਰਾ ਬਾਬਾ ਗਾਂਧਾ ਸਿੰਘ ਦੇ ਆਖਰੀ ਮਹੰਤ ਬਾਬਾ ਗੁਰਬਚਨ ਸਿੰਘ ਨੇ ਗੁਰਦੁਆਰੇ ਦੀ ਸਾਰੀ ਪੰਥਕ ਜਾਇਦਾਦ ਪੰਥ ਹਵਾਲੇ ਕਰਦਿਆਂ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੂੰ ਸੌਂਪ ਦਿੱਤਾ। ਹੁਣ ਇਹ ਅਸਥਾਨ ਸ਼੍ਰੋਮਣੀ ਗੁ: ਪ੍ਰ: ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਵਿਚ ਹੈ।

ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰੇ ਦੀ ਆਲੀਸ਼ਾਨ ਇਮਾਰਤ 1997 ਈ: ਵਿਚ ਬਣਾਈ ਗਈ। ਇਸ ਅਸਥਾਨ ‘ਤੇ ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਦਾ ਆਗਮਨ ਗੁਰਪੁਰਬ ਵਿਸ਼ੇਸ਼ ਤੌਰ ‘ਤੇ ਮਨਾਇਆ ਜਾਂਦਾ ਹੈ। ਇਹ ਅਸਥਾਨ ਬਰਨਾਲਾ ਸ਼ਹਿਰ ਵਿਚ ਰੇਲਵੇ ਸਟੇਸ਼ਨ ਬਰਨਾਲੇ ਤੋਂ ਇਕ ਕਿਲੋਮੀਟਰ ਤੇ ਬੱਸ ਸਟੈਂਡ ਬਰਨਾਲਾ ਤੋਂ ਕੇਵਲ 500 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਬਰਨਾਲਾ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਹੈ, ਜੋ ਸੜਕੀ ਮਾਰਗ ਰਾਹੀਂ ਸੰਗਰੂਰ, ਮੋਗਾ, ਬਠਿੰਡਾ, ਲੁਧਿਆਣਾ ਆਦਿ ਪ੍ਰਮੁੱਖ ਸ਼ਹਿਰਾਂ ਨਾਲ ਜੁੜਿਆ ਹੈ।

ਯਾਤਰੂਆਂ ਦੀ ਟਹਿਲ-ਸੇਵਾ ਲਈ ਗੁਰਦੁਆਰੇ ਵਿਚ ਲੰਗਰ-ਪ੍ਰਸ਼ਾਦਿ ਰਿਹਾਇਸ਼ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ 10 ਕਮਰੇ ਬਣੇ ਹੋਏ ਹਨ। ਵਧੇਰੇ ਜਾਣਕਾਰੀ ਲਈ 01679-32951 ਫੋਨ ਨੰਬਰ ਦੀ ਸਹੂਲਤ ਹੈ।

 

Gurdwara Text Courtesy :- Dr. Roop Singh, Secretary S.G.P.C.