ਅੰਮ੍ਰਿਤਸਰ 12 ਅਕਤੂਬਰ (          ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਪ੍ਰੈਸ ਦੇ ਨਾਮ ਭਾਵ ਪੂਰਵਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਿਛਲੇ ਦਿਨ੍ਹਾਂ ਤੋਂ ਲੁਧਿਆਣਾ ਤੋਂ ਛਪਦੇ ਇਕ ਪੰਜਾਬੀ ਅਖਬਾਰ ਵਿੱਚ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ ਹੋਈ ਬੇਅਦਬੀ ਤੇ ਗੁੰਮ ਹੋਏ ਪਾਵਨ ਸਰੂਪ ਸਬੰਧੀ ਤੱਥ ਛਾਪੇ ਜਾ ਰਹੇ ਹਨ ਉਹ ਨਿਰਾਧਾਰ ਹਨ। ਜਦ ਕਿ ਬਾਬਾ ਗੁਰਦਿੱਤਾ ਜੀ ਦੇ ਘਟਨਾ ਦੇ ਵਾਪਰਨ ਤੋਂ ਤੁਰੰਤ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਮੁਲਾਜ਼ਮਾ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਸੀ ਤੇ ਉਨ੍ਹਾਂ ਦਾ ਹੈਡ ਕੁਆਟਰ ਜੀਂਦ ਬਣਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿਉਂਕਿ ਇਹ ਘਟਨਾ ਉਸ ਅਖਬਾਰ ਨੇ ਬਿਨਾ ਇਸਦੀ ਧਾਰਮਿਕ ਅਹਿਮੀਅਤ ਸਮਝਦਿਆਂ ਪ੍ਰਕਾਸ਼ਿਤ ਕੀਤੀ ਹੈ। ਅਸੀਂ ਸੰਗਤਾਂ ਦੀ ਸ਼ਰਧਾ ਨੂੰ ਠੇਸ ਕਦਾਚਿਤ ਨਹੀਂ ਪਹੁੰਚਾਉਣਾ ਚਾਹੁੰਦੇ। ਇਸ ਮਸਲੇ ਦੀ ਗੰਭੀਰਤਾ ਨੂੰ ਵੇਖਦਿਆਂ ਅਸੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਨੂੰ 15 ਦਿਨਾਂ ਦੀ ਛੁੱਟੀ ਤੇ ਭੇਜ ਰਹੇ ਹਾਂ ਤਾਂ ਕਿ ਇਸ ਮਸਲੇ ਦੀ ਨਿਰਪੱਖ ਜਾਂਚ ਹੋ ਸਕੇ।

ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਹਫ਼ਤਿਆਂ ਦੇ ਅੰਦਰ-ਅੰਦਰ ਉਨ੍ਹਾਂ ਮੁਲਾਜ਼ਮਾ ਨੂੰ ਚਾਰਜਸ਼ੀਟ ਕਰਕੇ ਜੋ ਦੋਸ਼ੀ ਪਾਏ ਗਏ ਉਨ੍ਹਾਂ ਦੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਭਾਲ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਹਿਰਦੇ ਵਲੂੰਧਰਨ ਵਾਲੀ ਘਟਨਾ ਦੇ ਪਸ਼ਚਾਤਾਪ ਲਈ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਵੱਲੋਂ ਪਸ਼ਚਾਤਾਪ ਲਈ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਸਾਹਿਬ ਅੱਗੇ ਖਿਮਾਂ ਯਾਚਨਾ ਦੀ ਅਰਦਾਸ ਕੀਤੀ ਜਾਵੇਗੀ।