ਗੁਰਦੁਆਰਾ ਬਾਬਾ ਬੁੱਢਾ ਜੀ, ਰਮਦਾਸ

‘ਗੁਰਦੁਆਰਾ ਬਾਬਾ ਬੁੱਢਾ ਜੀ’ ਰਮਦਾਸ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਪਹਿਲੇ ਮੁੱਖ ਗ੍ਰੰਥੀ, ਗੁਰੂ-ਘਰ ਦੇ ਪ੍ਰੀਤਵਾਨ-ਅਨਿਨ ਸੇਵਕ-ਸਿਦਕੀ ਸਿੱਖ, ਬਾਬਾ ਬੁੱਢਾ ਜੀ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ ਹੈ। ਬਾਬਾ ਬੁੱਢਾ ਜੀ ਨੇ ਆਪਣੀ ਸੰਸਾਰਿਕ ਯਾਤਰਾ ਦਾ ਪਹਿਲਾ ਤੇ ਅੰਤਮ ਪੜਾਅ ਇਸ ਸੁਹਾਵੀ ਧਰਤ ‘ਤੇ ਸੁਕਾਰਥ ਕੀਤਾ। ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਨਾਲ ਬਾਬਾ ਬੁੱਢਾ ਜੀ ਦਾ ਮਿਲਾਪ ਵੀ ਇਸ ਪਵਿੱਤਰ ਧਰਤੀ ‘ਤੇ ਹੋਇਆ। ਫਿਰ ਐਸੀ ਸਿੱਖੀ ਪ੍ਰੇਮ ਦੀ ਚਿਣਗ ਜਾਗੀ ਕਿ 14 ਮੱਘਰ, ਸੰਮਤ 1688 ਬਿਕਰਮੀ ਨੂੰ ਅੰਤਮ ਸਵਾਸ ਵੀ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਮੁਬਾਰਕ ਗੋਦ ਵਿਚ ਇਸ ਧਰਤੀ ‘ਤੇ ਹੀ ਲਏ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀਂ ਅੰਤਮ ਸਸਕਾਰ ਕੀਤਾ। ਅੰਤਮ ਸਸਕਾਰ ਵਾਲੀ ਥਾਂ ‘ਤੇ ਪ੍ਰੇਮੀਆਂ ਨੇ ਅਲੱਗ ਸੁੰਦਰ ਗੁਰਦੁਆਰਾ ਬਣਾ ਦਿੱਤਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਆਪਣੇ ਮੁਬਾਰਕ ਚਰਨ ਰਮਦਾਸ ਦੀ ਇਤਿਹਾਸਕ ਧਰਤੀ ‘ਤੇ ਪਾਏ।

ਬਾਬਾ ਬੁੱਢਾ ਜੀ ਦੇ ਅਸਥਾਨ (ਤਪ ਅਸਥਾਨ ਵੀ ਕਿਹਾ ਜਾਂਦਾ ਹੈ) ‘ਤੇ ਪਹਿਲਾਂ ਉਦਾਸੀ ਸੰਪਰਦਾਇ ਦੇ ਸਾਧੂ ਸੇਵਾ-ਸੰਭਾਲ ਕਰਦੇ ਸਨ। ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਸਮੇਂ ਉਦਾਸੀ ਸਾਧੂਆਂ ਨੇ ਆਪ ਹੀ ਇਸ ਇਤਿਹਾਸਕ ਅਸਥਾਨ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਨੂੰ ਸੌਂਪ ਦਿੱਤਾ, ਜੋ ਨਿਰੰਤਰ ਜਾਰੀ ਹੈ।

‘ਨਗਰ ਰਮਦਾਸ’ ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਅਜਨਾਲਾ-ਡੇਰਾ ਬਾਬਾ ਨਾਨਕ ਰੋਡ ‘ਤੇ ਪ੍ਰਮੁੱਖ ਨਗਰ ਹੈ, ਜੋ ਸ੍ਰੀ ਅੰਮ੍ਰਿਤਸਰ ਤੋਂ 42 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਅੰਮ੍ਰਿਤਸਰ ਸ਼ਹਿਰ ਤੋਂ ਰਮਦਾਸ ਨੂੰ ਸਿੱਧੀ ਰੇਲਵੇ ਲਾਈਨ ਹੈ। ਰਮਦਾਸ ਰੇਲਵੇ ਸਟੇਸ਼ਨ ਤੋਂ ਇਹ ਧਾਰਮਿਕ ਅਸਥਾਨ 1½ ਕਿਲੋਮੀਟਰ ਦੀ ਦੂਰੀ ‘ਤੇ ਹੈ। ਸੜਕੀ ਮਾਰਗ ਰਾਹੀਂ ਇਹ ਅਸਥਾਨ ਸ੍ਰੀ ਅੰਮ੍ਰਿਤਸਰ, ਅਜਨਾਲਾ, ਡੇਰਾ ਬਾਬਾ ਨਾਨਕ, ਬਟਾਲਾ ਆਦਿ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ।

ਸਾਰੇ ਗੁਰਪੁਰਬ ਤੇ ਬਾਬਾ ਬੁੱਢਾ ਜੀ ਦਾ ਜੋੜ-ਮੇਲਾ ਵਿਸ਼ਾਲ ਰੂਪ ਵਿਚ ਮਨਾਏ ਜਾਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ 7 ਕਮਰੇ ਹਨ।

 

Gurdwara Text Courtesy :- Dr. Roop Singh, Secretary S.G.P.C.