ਗੁਰਦੁਆਰਾ ਬਾਬਾ ਸੰਗ ਜੀ, ਸੰਗ ਢੇਸੀਆਂ (ਜਲੰਧਰ)

ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ, ਕਿ ਇਹ ਧਾਰਮਿਕ ਅਸਥਾਨ ਬਾਬਾ ਸੰਗ ਜੀ ਦੀ ਯਾਦ ਵਿਚ ਸ਼ੋਭਨੀਕ ਹੈ। ਇਤਿਹਾਸ ਗੁਰਦੁਆਰਾ ਬਾਬਾ ਸੰਗ ਜੀ (ਪ੍ਰਕਾਸ਼ਕ ਮੈਨੇਜਰ) ਅਨੁਸਾਰ ਦੁਆਬੇ ਦੇ ਪ੍ਰਮੁੱਖ ਪਿੰਡ ਸੰਗ ਢੇਸੀਆਂ ਦੇ ‘ਦਾਤਾ’ ਨਾਮ ਦੇ ਜ਼ਿਮੀਂਦਾਰ ਦੇ ਘਰ ਭਾਈ ਜੋਧ ਦਾ ਜਨਮ ਹੋਇਆ। ਜ਼ਿਮੀਂਦਾਰ ਦਾਤੇ ਦਾ ਸਮੁੱਚਾ ਪਰਿਵਾਰ ਭੈ-ਭਾਵਨੀ ਤੇ ਸੇਵਕ ਸੁਭਾਅ ਵਾਲਾ ਸੀ। ਘਰ ਆਏ ਜਾਣੇ-ਅਣਜਾਣੇ ਮਹਿਮਾਨ ਦੀ ਆਉ-ਭਗਤ, ਸੇਵਾ-ਸੰਭਾਲ ਕਰਨੀ ਇਹ ਪਰਿਵਾਰ ਆਪਣਾ ਪਰਮ ਧਰਮ ਕਰਤਵ ਸਮਝਦਾ।

ਇਕ ਵਾਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਅਤੇ ‘ਅੰੰਿਮ੍ਰਤ ਸਰੋਵਰ’ ਦੀ ਉਸਾਰੀ ਵਿਚ ਹਿੱਸਾ ਪਾਉਣ ਲਈ ਜਾ ਰਹੀ ਸੰਗਤ ਨੇ ‘ਜ਼ਿਮੀਂਦਾਰ’ ਦਾਤੇ’ ਦੇ ਘਰ ਰਾਤ ਦਾ ਪੜਾਅ ਕੀਤਾ। ਸਵੇਰੇ ਸੰਗਤ ਦੇ ਸੰਗ ਸਾਥ ਹੀ ਭਾਈ ਜੋਧ ਵੀ ਗੁਰੂ ਜੀ ਦੇ ਦਰਸ਼ਨਾਂ ਤੇ ਕਾਰ ਸੇਵਾ ਕਰਨ ਲਈ ਚਲ ਪਏ। ਗੁਰੂ ਦਰਬਾਰ ਵਿਚ ਪਹੁੰਚ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਸੰਗਤਾਂ ਦੇ ਸਾਥ ਕਾਰ ਸੇਵਾ ਵਿਚ ਜੁਟ ਗਏ। ਗੁਰੂ ਅਰਜਨ ਦੇਵ ਜੀ ਭਾਈ ਜੋਧ ਦੀ ਸੇਵਾ ਭਾਵਨਾ ਤੋਂ ਬਹੁਤ ਖੁਸ਼ ਹੋਏ ਤੇ ‘ਭਾਈ ਜੋਧ’ ਨੂੰ ਭਾਈ ਸੰਗ ਦੇ ਨਾਮ ਨਾਲ ਬੁਲਾਉਣਾ ਸ਼ੁਰੂ ਕੀਤਾ। ਭਾਈ ਸੰਗ ਦਾ ਵਿਆਹ ਭਾਈ ਸਾਧੂ ਦੀ ਸਪੁੱਤਰੀ ਬੀਬੀ ਭਾਵੜੀ ਨਾਲ ਗੁਰੂ ਦਰਬਾਰ ਵਿਚ

ਹੋਇਆ। ਕਾਫ਼ੀ ਸਮਾਂ ਕਾਰ ਸੇਵਾ ਕਰ ਭਾਈ ਸੰਗ, ਗੁਰੂ ਅਰਜਨ ਦੇਵ ਜੀ ਦੇ ਹੁਕਮ ਅਨੁਸਾਰ ਆਪਣੇ ਜੱਦੀ ਪਿੰਡ ਪਹੁੰਚੇ। ਭਾਈ ਸੰਗ ਜੀ ਹਮੇਸ਼ਾਂ ਪਿੰਡ ਵਿਚ ਵੀ ਸੇਵਾ ਸਿਮਰਨ ਕਰਦੇ ਰਹਿੰਦੇ। ਪਿੰਡ ਵਿਚ ਪਾਣੀ ਦੀ ਲੋੜ ਨੂੰ ਪੂਰਿਆਂ ਕਰਨ ਲਈ ‘ਭਾਈ ਸੰਗ’ ਨੇ ਖੂਹ ਲਗਾਉਣ ਦੀ ਸੇਵਾ ਵੀ ਕੀਤੀ। ਭਾਈ ਸੰਗ ਜੀ ਨੇ ਜਿਸ ਅਸਥਾਨ ‘ਤੇ ਬੈਠ ਕੇ ਮਾਨਵਤਾ ਦੇ ਭਲੇ ਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਦੇ ਕਾਰਜ ਕਰਦੇ ਸਨ ਉਸ ਅਸਥਾਨ ‘ਤੇ ਸੰਗਤਾਂ ਵੱਲੋਂ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਾਇਆ ਗਿਆ, ਜਿਸ ਨੂੰ ‘ਗੁਰਦੁਆਰਾ ਬਾਬਾ ਸੰਗ’ ਕਿਹਾ ਜਾਂਦਾ ਹੈ। ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਉੱਚੀ ਇਮਾਰਤ, ਕਾਫ਼ੀ ਦੂਰ ਤੋਂ ਦਿਖਾਈ ਦਿੰਦੀ ਹੈ।

ਗੁਰਦੁਆਰਾ ਸਾਹਿਬ ਦੀ ਗੈਲਰੀ ਵਿਚ ਦੇਖਣ ਯੋਗ ਯਾਦਗਾਰੀ ਅਜਾਇਬ ਘਰ ਹੈ। ਗੁਰਦੁਆਰਾ ਸਾਹਿਬ ਦੇ ਨਾਲ ਵਿਸ਼ਾਲ ਸਰੋਵਰ ਵੀ ਹੈ। ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਲਈ 1970 ਈ: ਵਿਚ ਗੁਰਦੁਆਰਾ ਸਾਹਿਬ ਦੇ ਨਾਲ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ ਬਣਾਇਆ ਗਿਆ।

‘ਗੁਰਦੁਆਰਾ ਬਾਬਾ ਸੰਗ ਜੀ’ ਸੰਗ ਢੇਸੀਆਂ ਪਿੰਡ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਵਿਚ ਗੁਰਾਇਆ-ਜੰਡਿਆਲਾ ਰੋਡ ‘ਤੇ ਸੁਭਾਇਮਾਨ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਸੁਚੱਜਾ ਪ੍ਰਬੰਧ ਹੈ। ਰਿਹਾਇਸ਼ ਵਾਸਤੇ ਸ਼ਾਨਦਾਰ ਸਰ੍ਹਾਂ ਹੈ। ਵਧੇਰੇ ਜਾਣਕਾਰੀ 01826-62220 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.