ਕਿਸਾਨ ਭਾਈਚਾਰਾ ਗੁਰਮਤਿ ਫ਼ਲਸਫ਼ੇ ਤੋਂ ਅਗਵਾਈ ਲੈ ਕੇ ਜੀਵਨ ਸੇਧਾਂ ਨਿਰਧਾਰਤ ਕਰੇ-ਭਾਈ ਲੌਂਗੋਵਾਲ

ਗੁਰੂ ਸਾਹਿਬਾਨ ਵੱਲੋਂ ਦਿੱਤਾ ਗਿਆ ਮਾਰਗ ਦਰਸ਼ਨ ਵਿਲੱਖਣ ਤੇ ਕ੍ਰਾਂਤੀਕਾਰੀ-ਭਾਈ ਲੌਂਗੋਵਾਲ
ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਲੰਗਰਾਂ ਤੋਂ ਆਪਣੇ ਹਿੱਸੇ ਦਾ ਜੀ.ਐਸ.ਟੀ. ਤੁਰੰਤ ਖ਼ਤਮ ਕਰਨ

ਪਠਾਨਕੋਟ ੧੮ ਫ਼ਰਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਦੀ ਨੁਮਾਇੰਦਾ ਧਾਰਮਿਕ ਸੰਸਥਾ ਸ਼੍ਰੋਮਣੀ ਕਮੇਟੀ ਨੌਜੁਆਨੀ ਨੂੰ ਗੁਰਮਤਿ ਨਾਲ ਜੋੜਨ ਲਈ ਮੋਹਰੀ ਰੋਲ ਨਿਭਾ ਰਹੀ ਹੈ। ਉਹ ਅੱਜ ਇਥੇ ਗੁਰਦੁਆਰਾ ਸ੍ਰੀ ਬਾਰਠ ਸਾਹਿਬ ਵਿਖੇ ਇਕ ਗੁਰਮਤਿ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਸਮਾਜ ਦੀ ਤਕਦੀਰ ਬਦਲਣ ਲਈ ਜੋ ਮਾਰਗ ਦਰਸ਼ਨ ਦਿੱਤਾ ਉਹ ਵਿਲੱਖਣ ਅਤੇ ਕ੍ਰਾਂਤੀਕਾਰੀ ਹੈ।ਭਾਈ ਲੌਂਗੋਵਾਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਤੇ ਨੌਜੁਆਨਾਂ ਨੂੰ ਗੁਰਮਤਿ ਵਿਚਾਰਧਾਰਾ ਨਾਲ ਜੋੜਨ ਲਈ ਅੱਗੇ ਆਉਣ। ਸਮਾਗਮ ਸਮੇਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਰਤਨ ਸਿੰਘ ਜੱਫਰਵਾਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਜੀ ਆਇਆਂ ਕਿਹਾ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਮੂਹਿਕ ਰੂਪ ਵਿਚ ਸਨਮਾਨਿਤ ਕੀਤਾ।
ਸਮਾਗਮ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਾਰ ਸੇਵਕ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਵੱੱਲੋਂ ਤਿਆਰ ਕੀਤੇ ਗਏ ਬਾਉਲੀ ਸਾਹਿਬ (ਸਰੋਵਰ), ਜੋੜਾਘਰ ਅਤੇ ਲਿਟਰੇਚਰ ਹਾਊਸ ਦਾ ਸ਼ੁਭ ਆਰੰਭ ਕਰਵਾਇਆ। ਇਸ ਦੌਰਾਨ ਪੰਜ ਸਿੰਘਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਨਵੇਂ ਦਰਬਾਰ ਦੀ ਟੱਕ ਲਗਾ ਕੇ ਕਾਰ ਸੇਵਾ ਵੀ ਆਰੰਭ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਗੁਰੂ ਘਰਾਂ ਅੰਦਰ ਲੰਗਰਾਂ ‘ਤੇ ਜੀ.ਐਸ.ਟੀ. ਲਗਾਉਣਾ ਉਚਿਤ ਨਹੀਂ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਨੂੰ ਖ਼ਤਮ ਕਰਵਾਉਣ ਲਈ ਲਗਾਤਾਰ ਚਾਰਾਜੋਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਆਪਣੇ ਹਿੱਸੇ ਦਾ ਜੀ.ਐਸ.ਟੀ. ਤੁਰੰਤ ਖ਼ਤਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਨਾਲ ਹੀ ਕੇਂਦਰ ਸਰਕਾਰ ਨੂੰ ਵੀ ਗੁਰੂ ਘਰਾਂ ਤੋਂ ਜੀ.ਐਸ.ਟੀ. ਖ਼ਤਮ ਕਰਨ ਲਈ ਸਿਫ਼ਾਰਸ਼ ਕਰਨੀ ਚਾਹੀਦੀ ਹੈ। ਕਿਸਾਨ ਖ਼ੁਦਕੁਸ਼ੀਆਂ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਖ਼ੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀ, ਸਗੋਂ ਕਿਸਾਨ ਭਰਾ ਗੁਰਮਤਿ ਫ਼ਲਸਫ਼ੇ ਤੋਂ ਅਗਵਾਈ ਲੈ ਕੇ ਜੀਵਨ ਸੇਧਾਂ ਨਿਰਧਾਰਤ ਕਰਨ। ਉਨ੍ਹਾਂ ਕਿਹਾ ਕਿ ਅੱਜ ਸਮਾਜ ਅੰਦਰ ਨਸ਼ੇ, ਭਰੂਣ ਹੱਤਿਆ, ਵਾਤਾਵਰਣ ਪ੍ਰਦੂਸ਼ਣ ਅਤੇ ਦਾਜ ਦਹੇਜ਼ ਦੀਆਂ ਸਮੱਸਿਆਵਾਂ ਮੂੰਹ ਅੱਡੀ ਖੜੀਆਂ ਹਨ ਅਤੇ ਅਸੀਂ ਦੇਖਾ-ਦੇਖੀ ਇਨ੍ਹਾਂ ਦੀ ਜਕੜ ਵਿਚ ਫਸਦੇ ਜਾ ਰਹੇ ਹਾਂ। ਉਨ੍ਹਾਂ ਪ੍ਰੇਰਕ ਰੂਪ ਵਿਚ ਕਿਹਾ ਕਿ ਅਜੋਕਾ ਸਮਾਜ ਸਮਾਜਿਕ ਰੀਤੀ ਰਿਵਾਜਾਂ ਨੂੰ ਨਿਭਾਉਣ ਸਮੇਂ ਸਾਦਗੀ ਦਾ ਪੱਲ੍ਹਾ ਫੜ੍ਹੇ ਅਤੇ ਇਨ੍ਹਾਂ ਅਜੋਕੀਆਂ ਸਮਾਜਿਕ ਸਮੱਸਿਆਵਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਧਰਮ ਦੀਆਂ ਉੱਚ ਕਦਰਾਂ-ਕੀਮਤਾਂ ਨਾਲ ਜੁੜੇ।
ਇਸ ਮੌਕੇ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ, ਬਾਬਾ ਗੁਰਮੀਤ ਸਿੰਘ, ਬਾਬਾ ਮਹਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸੱਜਣ ਸਿੰਘ ਬੱਜੂਮਾਨ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਤੇ ਸ. ਅਮਰੀਕ ਸਿੰਘ ਸ਼ਾਹਪੁਰ, ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਰਤਨ ਸਿੰਘ ਜੱਫਰਵਾਲ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨਿੱਜੀ ਸਹਾਇਕ ਸ. ਜਗਜੀਤ ਸਿੰਘ ਜੱਗੀ, ਮੈਨੇਜਰ ਸ. ਜਗਦੀਸ਼ ਸਿੰਘ ਬੁੱਟਰ, ਸ. ਹਰਦੀਪ ਸਿੰਘ ਲਮੀਣੀ ਪ੍ਰਧਾਨ ਅਕਾਲੀ ਜਥਾ ਪਠਾਨਕੋਟ, ਸ. ਸੁਖਬੀਰ ਸਿੰਘ ਵਾਹਲਾ, ਜਥੇਦਾਰ ਸੇਵਾ ਸਿੰਘ ਪਠਾਨਕੋਟ, ਬੀਬੀ ਪੁਸ਼ਪਿੰਦਰ ਕੌਰ ਮਜ਼ਬੂਰ, ਮੈਨੇਜਰ ਸ. ਨਿਸ਼ਾਨ ਸਿੰਘ ਜੱਫਰਵਾਲ, ਸ. ਰਣਜੀਤ ਸਿੰਘ ਕਲਿਆਣਪੁਰ, ਸ. ਗੁਰਤਿੰਦਰਪਾਲ ਸਿੰਘ ਮਾਂਟੂ, ਸ. ਕੁਲਵੰਤ ਸਿੰਘ ਜੱਫਰਵਾਲ, ਸ. ਦਰਸ਼ਨ ਸਿੰਘ ਪੀ.ਏ., ਸ. ਜਸਪ੍ਰੀਤ ਸਿੰਘ ਰਾਣਾ, ਸ. ਪਰਮਵੀਰ ਸਿੰਘ ਲਾਡੀ, ਜਥੇਦਾਰ ਗੁਰਜੀਵਨ ਸਿੰਘ ਸਿੰਧੂ, ਸ. ਗੁਰਦੀਪ ਸਿੰਘ ਦੀਪੀ, ਸ. ਜਸਪਾਲ ਸਿੰਘ ਪਾਲੀ, ਸ. ਰਵਿੰਦਰ ਸਿੰਘ ਜੱਗਾ, ਪ੍ਰਚਾਰ ਭਾਈ ਅਮਰੀਕ ਸਿੰਘ ਚਿੱਟੀ, ਬੀਬਾ ਰੁਪਿੰਦਰ ਕੌਰ, ਗਿਆਨੀ ਖੜਕ ਸਿੰਘ ਪਠਾਨਕੋਟ ਸ. ਮਨਪ੍ਰੀਤ ਸਿੰਘ ਸਾਹਨੀ, ਪ੍ਰਿੰਸੀਪਲ ਸਰਬਜੀਤ ਕੌਰ, ਸ. ਸੁਖਪਾਲ ਸਿੰਘ ਭਗਵਾਨਸਰ, ਸ. ਗੁਰਦੀਪ ਸਿੰਘ ਗੁਲਾਟੀ, ਸ. ਮਨਜੀਤ ਸਿੰਘ ਮੈਨੇਜਰ, ਸ. ਪ੍ਰਿੰਥੀਪਾਲ ਸਿੰਘ ਅੰਤੋਰ, ਸ. ਜਗਮੋਹਨ ਸਿੰਘ, ਸ. ਹਰਜਿੰਦਰ ਸਿੰਘ ਖ਼ਾਲਸਾ ਆਦਿ ਮੌਜੂਦ ਸਨ।