S. Avtar Singhਅੰਮ੍ਰਿਤਸਰ ੯ ਅਕਤੂਬਰ (      ) ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਝਬਾਲ (ਤਰਨ ਤਾਰਨ) ਵਿਖੇ ਸਲਾਨਾ ਜੋੜ ਮੇਲੇ ਸਮੇਂ ਦਰਸ਼ਨ ਕਰਕੇ ਵਾਪਸ ਜਾਂਦਿਆਂ ਟਰੈਕਟਰ-ਟਰਾਲੀ ਤੇ ਟਰੱਕ ਦੀ ਟੱਕਰ ਹੋ ਜਾਣ ਅਤੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਚੱਕ ਅਟਾਰੀ ਦੇ ਸ਼ਰਧਾਲੂ ਟਰੱਕ ‘ਚੋਂ ਉਤਰਨ ਸਮੇਂ ਕਰੰਟ ਲੱਗਣ ਕਰਕੇ ਆਪਣੇ ਪਰਿਵਾਰਾਂ ਤੋਂ ਸਦਾ ਵਿਛੜ ਗਏ ਤੇ ਜ਼ਖਮੀ ਸ਼ਰਧਾਲੂਆਂ ਪ੍ਰਤੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਉਨ੍ਹਾਂ ਕਿਹਾ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਜੀ ਵਿਖੇ ਇਤਿਹਾਸਕ ਜੋੜ ਮੇਲੇ ਸਮੇਂ ਹਰ ਸਾਲ ਪੰਜਾਬ ਦੇ ਕੋਨੇ-ਕੋਨੇ ਤੋਂ ਲੱਖਾਂ ਸ਼ਰਧਾਲੂ ਆਪਣੇ-ਆਪਣੇ ਸਾਧਨਾ ਰਾਹੀਂ ਦਰਸ਼ਨ ਕਰਨ ਆਉਂਦੇ ਹਨ, ਪ੍ਰੰਤੂ ਜਦੋਂ ਕਿਸੇ ਦੁਖਦਾਈ ਘਟਨਾ ਵਿੱਚ ਸ਼ਰਧਾਲੂ ਦਾ ਜਾਨੀ ਨੁਕਸਾਨ ਹੁੰਦਾ ਹੈ ਉਦੋਂ ਦਿਲੀ ਅਫਸੋਸ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜਤ ਪਰਿਵਾਰਾਂ ਦੇ ਦੁੱਖ ‘ਚ ਪੂਰੀ ਤਰ੍ਹਾਂ ਸ਼ਾਮਲ ਹੈ।ਉਨ੍ਹਾਂ ਕਿਹਾ ਕਿ ਅਰਦਾਸ ਹੈ ਕਿ ਸਤਿਗੁਰੂ ਜੀ ਕਿਰਪਾ ਕਰਨ ਪਰਿਵਾਰਾਂ ਨਾਲੋਂ ਸਦਾ ਲਈ ਵਿਛੜ ਚੁੱਕੇ ਸ਼ਰਧਾਲੂਆਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਜ਼ਖਮੀ ਜਲਦੀ ਸਿਹਤਯਾਬ ਹੋ ਕੇ ਪਰਿਵਾਰਾਂ ‘ਚ ਵਿਚਰਨ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਸਲਾਨਾ ਜੋੜ ਮੇਲੇ ਸਮੇਂ ਪਿੰਡ ਬੰਗਲਾ ਰਾਏਕਾ ਜ਼ਿਲ੍ਹਾ ਤਰਨ ਤਾਰਨ ਦੇ ਵਸਨੀਕ ਦਰਸ਼ਨ ਕਰਕੇ ਟਰੈਕਟਰ-ਟਰਾਲੀ ਰਾਹੀਂ ਵਾਪਸ ਪਰਤ ਰਹੇ ਸਨ।ਰਸਤੇ ‘ਚ ਹਾਦਸਾ ਵਾਪਰ ਜਾਣ ਕਰਕੇ ੬ ਸ਼ਰਧਾਲੂਆਂ ਦੀ ਮੌਤ ਹੋ ਗਈ ਤੇ ਤਕਰੀਬਨ ੨੦ ਜਾਣੇ ਜ਼ਖਮੀ ਹੋ ਗਏ ਸਨ।ਇਸੇ ਤਰ੍ਹਾਂ ਜ਼ਿਲ੍ਹਾ ਮੁਕਤਸਰ ਦੇ ਪਿੰਡ ਚੱਕ ਅਟਾਰੀ ਦੇ ਸ਼ਰਧਾਲੂ ਵੀ ਦਰਸ਼ਨ ਕਰਕੇ ਵਾਪਸ ਗਏ ਸਨ ਕਿ ਕਰੰਟ ਲੱਗਣ ਕਰਕੇ ਦੋ ਸਕੇ ਭਰਾ ਤੇ ਇਕ ਬੀਬੀ ਅਕਾਲ ਚਲਾਣਾ ਕਰ ਗਈ ਹੈ।