ਗੁਰਦੁਆਰਾ ‘ਭਾਈ ਬਹਿਲੋ ਜੀ’ ਫਫੜੇ ਭਾਈ ਕੇ (ਮਾਨਸਾ)

ਗੁਰੂ-ਘਰ ਦੇ ਅਨਿਨ ਸ਼ਰਧਾਲੂ, ਭਾਈ ਬਹਿਲੋ ਜੀ ਦਾ ਜਨਮ ਸੰਮਤ 1640 (1583 ਈ.) ਨੂੰ ਫਫੜੇ ਭਾਈ ਕੇ ਵਿਖੇ ਹੋਇਆ। ਭਾਈ ਬਹਿਲੋ ਜੀ ਪਹਿਲਾਂ ਸਖੀ ਸਰਵਰੀਏ ਸਨ। ਸੰਮਤ 1660 (1503 ਈ.) ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਆਏ ਅਤੇ ਗੁਰਸਿੱਖੀ ਧਾਰਨ ਕੀਤੀ। ਅੰਮ੍ਰਿਤ ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਉਸਾਰੀ ਦੀ ਕਾਰ-ਸੇਵਾ ਵਿਚ ਭਾਈ ਸਾਹਿਬ ਨੇ ਤਨ-ਮਨ ਨਾਲ ਸੇਵਾ ਕਰਕੇ ਵਡਮੁਲਾ ਯੋਗਦਾਨ ਪਾਇਆ ਅਤੇ ਆਪਣਾ ਨਾਮ ਗੁਰੂ ਅਰਜਨ ਦੇਵ ਜੀ ਦੇ ਪ੍ਰਮੁੱਖ ਸਿੱਖਾਂ ਵਿਚ ਸ਼ਾਮਲ ਕਰਵਾਇਆ। ਅੰਮ੍ਰਿਤਸਰ ਦੀ ਸੇਵਾ ਸੰਪੂਰਨ ਹੋਣ ‘ਤੇ ਗੁਰੂ ਅਰਜਨ ਦੇਵ ਜੀ ਨੇ ਭਾਈ ਬਹਿਲੋ ਨੂੰ ਆਪਣੇ ਇਲਾਕੇ ਵਿਚ ਗੁਰਮਤਿ ਪ੍ਰਚਾਰ ਦੀ ਸੇਵਾ ਸੌਂਪੀ, ਜਿਸ ਤਹਿਤ ਭਾਈ ਸਾਹਿਬ ਨੇ ਰਿਆਸਤ ਫ਼ਰੀਦਕੋਟ- ਨਾਭੇ ਵਿਚ ਸਿੱਖੀ ਪ੍ਰਚਾਰ ਕਰਕੇ ਨਾਮਨਾ ਖੱਟਿਆ। ਭਾਈ ਬਹਿਲੋ ਦੀ ਵੰਸ਼ ਨੂੰ ‘ਭਾਈ ਕੇ’ ਕਹਿ ਕੇ ਯਾਦ ਕੀਤਾ ਜਾਂਦਾ ਹੈ, ਜਿਸ ਕਰਕੇ ਇਨ੍ਹਾਂ ਦਾ ਨਗਰ ‘ਫਫੜੇ’ ਵੀ ਫਫੜੇ ਭਾਈ ਕੇ ਵਜੋਂ ਪ੍ਰਸਿੱਧ ਹੋਇਆ।

ਭਾਈ ਬਹਿਲੋ ਜੀ ਸੰਮਤ 1700( 1643 ਈ.) ਵਿਚ ਗੁਰਪੁਰੀ ਪਿਆਨਾ ਕਰ ਗਏ। ਨਗਰ ਨਿਵਾਸੀਆਂ ਨੇ ਗੁਰੂ-ਘਰ ਦੇ ਪ੍ਰੀਤਵਾਨ ਇਸ ਗੁਰਸਿੱਖ ਦੀ ਯਾਦ ਵਿਚ ਯਾਦਗਾਰੀ ਗੁਰਦੁਆਰੇ ਦਾ ਨਿਰਮਾਣ ਕਾਰਜ ਕਰਵਾਇਆ। ਵਰਤਮਾਨ ਆਲੀਸ਼ਾਨ ਦੋ ਮੰਜ਼ਲੀ ਇਮਾਰਤ ਦਾ ਨਿਰਮਾਣ ਕਾਰਜ 1985 ਈ: ਵਿਚ ਸੰਪੂਰਨ ਹੋਇਆ।

ਇਸ ਅਸਥਾਨ ‘ਤੇ ਗੁਰੂ ਨਾਨਕ ਦੇਵ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਅਤੇ ਸਾਲਾਨਾ ਜੋੜ-ਮੇੋਲਾ ਵਿਸ਼ੇਸ਼ ਰੂਪ ਵਿਚ ਮਨਾਏ ਜਾਂਦੇ ਹਨ। ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਲੋਕਲ ਕਮੇਟੀ ਰਾਹੀਂ ਕਰਦੀ ਹੈ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਦਾ ਪ੍ਰਬੰਧ ਹੈ ਤੇ ਰਿਹਾਇਸ਼ ਵਾਸਤੇ ਵੀ 10 ਕਮਰੇ ਬਣੇ ਹੋਏ ਹਨ।

ਇਹ ਅਸਥਾਨ ਪਿੰਡ ‘ਫਫੜੇ ਭਾਈ ਕੇ’ ਤਹਿਸੀਲ ਬੁਢਲਾਡਾ, ਜ਼ਿਲ੍ਹਾ ਮਾਨਸਾ ਵਿਚ, ਰੇਲਵੇ ਸਟੇਸ਼ਨ ਬੁਢਲਾਡਾ ਤੋਂ 10 ਕਿਲੋਮੀਟਰ ਅਤੇ ਸੜਕੀ ਮਾਰਗ ਮਾਨਸਾ-ਬੁਢਲਾਡਾ ਤੋਂ ਕੇਵਲ ਇਕ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਵਧੇਰੇ ਜਾਣਕਾਰੀ 01652-83242 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.