ਗੁਰਦੁਆਰਾ ਮਉ ਸਾਹਿਬ, ਪਾਤਸ਼ਾਹੀ ਪੰਜਵੀਂ (ਜਲੰਧਰ)

ਗੁਰਦੁਆਰਾ ਮਉ (ਮੌ) ਸਾਹਿਬ ਪਾਤਸ਼ਾਹੀ ਪੰਜਵੀਂ, ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਦੀ ਯਾਦ ਵਿਚ ਸ਼ੋਭਨੀਕ ਹੈ। ਇਸ ਅਸਥਾਨ ‘ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ, ਭਾਈ ਕ੍ਰਿਸ਼ਨ ਚੰਦ ਦੀ ਸਪੁੱਤਰੀ (ਮਾਤਾ) ਗੰਗਾ ਜੀ ਨਾਲ 23 ਹਾੜ, ਸੰ: 1636 ਬਿਕਰਮੀ (1579) ਨੂੰ ਹੋਇਆ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮੰਝ ਆਦਿ ਪ੍ਰਮੁੱਖ ਸਿੱਖ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਸਮੇਂ ਹਾਜ਼ਰ ਸਨ।

ਇਕ ਮਨੌਤ ਅਨੁਸਾਰ ਵਿਆਹ ਸਮੇਂ ਨਗਰ ਨਿਵਾਸੀਆਂ ਨੇ ਕਿਹਾ ਕਿ ਸਾਡੇ ਨਗਰ ਦੀ ਰੀਤ ਹੈ, ਕਿ ਵਿਆਹ ਤੋਂ ਪਹਿਲਾਂ ਵਿਆਹ ਵਾਲਾ ਲੜਕਾ ਨੇਜ਼ੇ ਨਾਲ ਕਿਲ੍ਹਾ ਪੁੱਟੇ। ਗੁਰੂ ਜੀ ਨੇ ਜੰਡ ਦੇ ਦਰਖਤ ਦਾ ਬਣਾਇਆ ਹੋਇਆ ਕਿੱਲਾ ਘੋੜੇ ‘ਤੇ ਸਵਾਰ ਹੋ ਕੇ ਨੇਜ਼ੇ ਨਾਲ ਪੁੱਟ ਦਿੱਤਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਵਿਆਹ ਸਮੇਂ ਨੇਜ਼ਾਬਾਜ਼ੀ ਵਿਚ ਪ੍ਰਬੀਨ ਸਨ।

ਵਿਆਹ ਅਸਥਾਨ ‘ਤੇ ਪ੍ਰੇਮੀ ਸਿੱਖਾਂ ਵੱਲੋਂ ਗੁਰਦੁਆਰਾ ਤਿਆਰ ਕੀਤਾ ਗਿਆ। ਮਾਤਾ ਗੰਗਾ ਜੀ ਦੇ ਪੇਕੇ ਘਰ ਵਾਲੇ ਅਸਥਾਨ ‘ਤੇ ਵੀ ਸ਼ਾਨਦਾਰ ਗੁਰਦੁਆਰਾ ਸੁਭਾਇਮਾਨ ਹੈ। ਇਸ ਅਸਥਾਨ ਦਾ ਪ੍ਰਬੰਧ ਪਹਿਲਾਂ ਲੋਕਲ ਗੁਰਦੁਆਰਾ ਕਮੇਟੀ ਕਰਦੀ ਸੀ। ਹੁਣ ਪ੍ਰਬੰਧ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸ ਹੈ।

ਇਹ ਇਤਿਹਾਸਕ ਅਸਥਾਨ ਮਉ ਪਿੰਡ, ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਵਿਚ, ਰੇਲਵੇ ਸਟੇਸ਼ਨ ਫਿਲੌਰ ਤੋਂ 10 ਕਿਲੋਮੀਟਰ ਤੇ ਬੱਸ ਸਟੈਂਡ ਤਲਵਣ ਤੋਂ ਇਕ ਕਿਲੋਮੀਟਰ ਦੀ ਦੂਰੀ ‘ਤੇ ਫਿਲੌਰ-ਨੂਰਮਹਿਲ ਰੋਡ ‘ਤੇ ਸਥਿਤ ਹੈ।

ਇਸ ਇਤਿਹਾਸਕ ਅਸਥਾਨ ‘ਤੇ ਹਰ ਸਾਲ 21-22-23 ਹਾੜ ਨੂੰ ਸਾਲਾਨਾ ਜੋੜ ਮੇਲਾ ਵੱਡੀ ਪੱਧਰ ‘ਤੇ ਮਨਾਇਆ ਜਾਂਦਾ ਹੈ। ਹਜ਼ਾਰਾਂ ਸ਼ਰਧਾਲੂ ਇਸ ਧਾਰਮਿਕ ਅਸਥਾਨ ਦੀ ਚਰਨ-ਧੂੜ ਪਰਸਣ ਆਉਂਦੇ ਹਨ।

ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਤੇ ਰਿਹਾਇਸ਼ ਦਾ ਪ੍ਰਬੰਧ ਸੁਚੱਜਾ ਹੈ।

 

Gurdwara Text Courtesy :- Dr. Roop Singh, Secretary S.G.P.C.