ਅੰਮ੍ਰਿਤਸਰ 18 ਅਗਸਤ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਮਨੀਕਰਨ ਸਾਹਿਬ ਉਪਰ ਪਹਾੜੀ ਡਿਗਣ ਕਰਕੇ ਵਾਪਰੀ ਘਟਨਾ ‘ਚ ਗੁਰੂ-ਘਰ ਦੀ ਇਮਾਰਤ ਢਹਿ ਜਾਣ ਤੇ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਖਮੀ ਹੋਏ ਸ਼ਰਧਾਲੂਆਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਦੇ ਜਲਦ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਗੁਰਦੁਆਰਾ ਮਨੀਕਰਨ ਸਾਹਿਬ ਦੇ ਪ੍ਰਬੰਧਕ ਬਾਬਾ ਹਰੀ ਜੀ ਨਾਲ ਫੋਨ ਤੇ ਹੋਈ ਗੱਲਬਾਤ ਅਨੁਸਾਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਭਿਆਨਕ ਹਾਦਸੇ ਵਿੱਚ ੮ ਵਿਅਕਤੀਆਂ ਦੀ ਮੌਤ ਹੋ ਗਈ, ੧੧ ਫੱਟੜ ਹੋ ਗਏ ਅਤੇ ਗੁਰਦੁਆਰਾ ਸਾਹਿਬ ਦੀ ੬ ਮੰਜ਼ਿਲਾਂ ਇਮਾਰਤ ਵੀ ਤਹਿਸ਼-ਨਹਿਸ਼ ਹੋ ਗਈ ਹੈ।ਉਨ੍ਹਾਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸ਼੍ਰੋਮਣੀ ਕਮੇਟੀ ਪੂਰੀ ਤਰ੍ਹਾਂ ਗੁਰਦੁਆਰਾ ਮਨੀਕਰਨ ਸਾਹਿਬ ਦੀ ਕਮੇਟੀ ਤੇ ਪੀੜ੍ਹਤਾਂ ਦੇ ਨਾਲ ਹੈ।ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਮੁਕੰਮਲ ਜਾਣਕਾਰੀ ਲੈਣ ਅਤੇ ਲੋੜੀਂਦੇ ਰਾਹਤ ਕਾਰਜਾਂ ਲਈ ਸ. ਸੁਖਵਿੰਦਰ ਸਿੰਘ ਗਰੇਵਾਲ ਮੈਨੇਜਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਆਦੇਸ਼ ਦਿੱਤਾ ਗਿਆ ਹੈ ਜੋ ਵੀ ਰਾਹਤ ਸਮੱਗਰੀ ਲੋੜੀਂਦੀ ਹੋਵੇਗੀ ਤੁਰੰਤ ਉਥੇ ਪੁੱਜਦੀ ਕੀਤੀ ਜਾਵੇਗੀ।