ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ (ਕੋਟਾਂ) (ਲੁਧਿਆਣਾ)

ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਛੇਵੀਂ (ਕੋਟਾਂ) ਲੁਧਿਆਣਾ ਜਿਵੇਂ ਕਿ ਨਾਂ ਤੋਂ ਹੀ ਸਪੱਸ਼ਟ ਹੈ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਅਮਰ ਯਾਦਗਾਰ ਵਜੋਂ ਸ਼ੋਭਨੀਕ ਹੈ। ਰਵਾਇਤ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਜਦ ਸ੍ਰੀ ਅੰਮ੍ਰਿਤਸਰ ਨੂੰ ਜਾ ਰਹੇ ਸਨ ਤਾਂ ਕੁਝ ਸਮੇਂ ਵਾਸਤੇ ਇਸ ਜਗ੍ਹਾ ‘ਤੇ ਰੁਕੇ ਸਨ। ਪ੍ਰੇਮੀ ਗੁਰਸਿੱਖਾਂ ਨੇ ਯਾਦਗਾਰ ਵਜੋਂ ਗੁਰਦੁਆਰੇ ਦੀ ਇਮਾਰਤ ਦਾ ਨਿਰਮਾਣ ਕਰਵਾਇਆ। ਗੁਰੂ ਸਾਹਿਬ ਦੇ ਨਿਵਾਸ ਅਸਥਾਨ ਨੂੰ ‘ਮੰਜੀ ਸਾਹਿਬ’ ਦਾ ਨਾਮ ਦਿੱਤਾ ਗਿਆ। ਆਧੁਨਿਕ ਆਲੀਸ਼ਾਨ ਇਮਾਰਤ ਦਾ ਨਿਰਮਾਣ ਕਾਰਜ 14 ਅਗਸਤ 1953 ਨੂੰ ਆਰੰਭ ਹੋਇਆ। ਗੁਰਦੁਆਰਾ ਸਾਹਿਬ ਦੀ ਜੀ.ਟੀ.ਰੋਡ ‘ਤੇ ਸਥਿਤ ਬਹੁ-ਮੰਜ਼ਲੀ ਦਰਸ਼ਨੀ ਡਿਉੜੀ ‘ਤੇ ਝੂਲਦਾ ਕੇਸਰੀ ਪਰਚਮ ਦੂਰ-2 ਤੋਂ ਦਿਖਾਈ ਦਿੰਦਾ ਹੈ। ਗੁਰਦੁਆਰਾ ਮੰਜੀ ਸਾਹਿਬ ਕੋਟਾਂ ਦਾ ਪ੍ਰਬੰਧ ਪਹਿਲਾਂ ਕੋਟਾਂ ਪਿੰਡ ਦੀ ਲੋਕਲ ਕਮੇਟੀ ਪਾਸ ਸੀ, ਹੁਣ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਪਾਸ ਹੈ। ਆਦਿ ਗੁਰੂ, ਗੁਰੂ ਨਾਨਕ ਦੇਵ ਜੀ, ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਤੇ ਸਾਲਾਨਾ ਜੋੜ ਮੇਲਾ 12-13-14 ਅਗਸਤ ਨੂੰ ਵੱਡੀ ਪੱਧਰ ‘ਤੇ ਮਨਾਏ ਜਾਂਦੇ ਹਨ। ਹਜ਼ਾਰਾਂ ਸ਼ਰਧਾਲੂ ਰੋਜ਼ਾਨਾ ਸ਼ਰਧਾ-ਸਤਿਕਾਰ ਭੇਟ ਕਰਨ ਆਉਂਦੇ ਹਨ। ਯਾਤਰੂਆਂ ਦੀ ਟਹਿਲ-ਸੇਵਾ ਵਾਸਤੇ ਲੰਗਰ-ਪ੍ਰਸ਼ਾਦਿ ਤੇ ਰਿਹਾਇਸ਼ ਦਾ ਬਹੁਤ ਸੁਚੱਜਾ ਪ੍ਰਬੰਧ ਹੈ।

ਰਿਹਾਇਸ਼ ਵਾਸਤੇ 15 ਕਮਰੇ 3 ਗੈਸਟ ਹਾਊਸ ਤੇ ਹਾਲ ਕਮਰੇ ਬਣੇ ਹੋਏ ਹਨ।

ਇਹ ਇਤਿਹਾਸਕ ਅਸਥਾਨ ਦੋਰਾਹਾ ਤੋਂ 6 ਕਿਲੋਮੀਟਰ, ਖੰਨੇ ਤੋਂ 14 ਕਿਲੋਮੀਟਰ ਦੀ ਦੂਰੀ ‘ਤੇ ਲੁਧਿਆਣਾ-ਦਿੱਲੀ ਜਰਨੈਲੀ ਸੜਕ ‘ਤੇ ਪਿੰਡ ਕੋਟਾਂ ਦੇ ਨਜ਼ਦੀਕ ਸ਼ੋਭਨੀਕ ਹੈ।

ਵਧੇਰੇ ਜਾਣਕਾਰੀ 1628-85211 ਫੋਨ ਨੰਬਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

 

Gurdwara Text Courtesy :- Dr. Roop Singh, Secretary S.G.P.C.